ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਨੂੰ ਬਣਾਇਆ ਜਾਵੇਗਾ ਓ.ਡੀ.ਐੱਫ ਮਾਡਲ ਪਿੰਡ
ਹੁਣ ਤੱਕ 51 ਪਿੰਡ ਇਸ ਸੂਚੀ ਵਿੱਚ ਸ਼ਾਮਿਲ, ਫਰਵਰੀ ਮਹੀਨੇ 23 ਹੋਰ ਹੋਣਗੇ
ਅਬੋਹਰ: ਫਾਜ਼ਿਲਕਾ ਜ਼ਿਲ੍ਹੇ ਨੂੰ ਸਵੱਛ ਜ਼ਿਲ੍ਹਾ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹੇ ਦੇ ਪਿੰਡਾਂ ਨੂੰ ਓਡੀਐਫ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਤਹਿਤ ਪਿੰਡਾਂ ਵਿੱਚ ਤਰਲ ਅਤੇ ਠੋਸ ਕਚਰੇ ਦੇ ਪ੍ਰਬੰਧਨ ਲਈ ਅਧਾਰਭੂਤ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ। ਹੁਣ ਤੱਕ ਜ਼ਿਲ੍ਹੇ ਦੇ 51 ਪਿੰਡ ਇਸ ਸੂਚੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਜਦ ਕਿ 23 ਹੋਰ ਪਿੰਡ ਫਰਵਰੀ ਮਹੀਨੇ ਦੌਰਾਨ ਇਸ ਸੂਚੀ ਵਿੱਚ ਸ਼ਾਮਿਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾਂ ਪਿੰਡਾਂ ਵਿੱਚ ਗੰਦੇ ਪਾਣੀ ਨੂੰ ਸਾਫ ਕਰਨ ਲਈ ਥਾਪਰ ਮਾਡਲ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਠੋਸ ਕਚਰੇ ਦੇ ਪ੍ਰਬੰਧਨ ਲਈ ਪਿੱਟ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸਦਾ ਉਦੇਸ਼ ਪਿੰਡਾਂ ਨੂੰ ਸਾਫ ਸੁਥਰਾ ਕਰਕੇ ਉਥੋਂ ਦੇ ਲੋਕਾਂ ਨੂੰ ਚੰਗਾ ਜੀਵਨ ਦੇਣਾ ਹੈ। ਉਨ੍ਹਾਂ ਨੇ ਜ਼ਿਲ੍ਹਾਂ ਵਾਸੀਆਂ ਨੂੰ ਸਵੱਛਤਾ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੜਾਅਵਾਰ ਤਰੀਕੇ ਨਾਲ ਸਾਰੇ ਪਿੰਡਾਂ ਵਿੱਚ ਹੀ ਗੰਦੇ ਪਾਣੀ ਅਤੇ ਠੋਸ ਕਚਰੇ ਦੇ ਪ੍ਰਬੰਧਨ ਲਈ ਅਜਿਹੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਇਸ ਕਚਰੇ ਦਾ ਵਿਗਿਆਨਿਕ ਤਰੀਕੇ ਨਾਲ ਨਿਪਟਾਰਾ ਹੋ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੁਭਾਸ਼ ਚੰਦਰ, ਡੀ.ਡੀ.ਪੀ.ਓ ਨੀਰੂ ਗਰਗ, ਕਾਰਜਕਾਰੀ ਇੰਜਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਸ਼੍ਰੀ ਧਰਮਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਭੱਠਲ, ਬੀ.ਡੀ.ਪੀ.ਓ ਅੰਤਰਪ੍ਰੀਤ ਸਿੰਘ, ਨਿਰਮਲ ਸਿੰਘ ਤੇ ਗਗਨਦੀਪ ਕੌਰ, ਐਸ.ਡੀ.ਓ ਪੰਚਾਇਤੀ ਰਾਜ ਮਨਪ੍ਰੀਤ ਕੰਬੋਜ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ।