ਪਿੰਡ ਪੱਧਰ ਤੇ ਬਣਨਗੀਆਂ ਮਿੱਟੀ ਪਰਖ ਲੈਬੋਰੇਟਰੀਆਂ, ਡਿਪਟੀ ਕਮਿਸ਼ਨਰ ਨੇ ਕੀਤੀ ਬੈਠਕ
ਅਬੋਹਰ: ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਪਿੰਡ ਪੱਧਰ ਤੇ ਮਿੱਟੀ ਪਰਖ ਲੈਬੋਰੇਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਸੰਬੰਧੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਨੇ ਇੱਥੇ ਇੱਕ ਬੈਠਕ ਕੀਤੀ। ਬੈਠਕ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਬਲਾਕ ਵਿੱਚ ਪੰਜ-ਪੰਜ ਅਜਿਹੀਆਂ ਮਿੱਟੀ ਪਰਖ ਲੈਬੋਰੇਟਰੀਆਂ ਬਣਾਈਆਂ ਜਾਣਗੀਆਂ ਤਾਂ ਜੋ ਕਿਸਾਨਾਂ ਨੂੰ ਉਨਾਂ ਦੇ ਖੇਤਾਂ ਦੇ ਨਜ਼ਦੀਕ ਹੀ ਮਿੱਟੀ ਪਰਖ ਦੀ ਸਹੂਲਤ ਮਿਲ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੰਬੰਧੀ ਖੇਤੀਬਾੜੀ ਵਿਭਾਗ ਨੋਡਲ ਵਿਭਾਗ ਹੈ ਅਤੇ ਇਹ ਲੈਬੋਰੇਟਰੀਆਂ ਸਹਿਕਾਰੀ ਸਭਾਵਾਂ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਖੇਤੀਬਾੜੀ ਵਿਭਾਗ ਇਸ ਦੇ ਨਾਲ ਹੀ ਮਿੱਟੀ ਦੇ ਜਿਆਦਾ ਤੋਂ ਜਿਆਦਾ ਸੈਂਪਲ ਲੈ ਕੇ ਉਹਨਾਂ ਦੀ ਜਾਂਚ ਕਰਨੀ ਯਕੀਨੀ ਬਣਾਵੇ ਤਾਂ ਜੋ ਕਿਸਾਨ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਖਾਦਾਂ ਦੀ ਵਰਤੋਂ ਕਰ ਸਕਣ ਅਤੇ ਆਪਣੇ ਖਰਚੇ ਘੱਟ ਕਰ ਸਕਣ। ਉਹਨਾਂ ਨੇ ਵਿਭਾਗ ਨੂੰ ਮਿੱਟੀ ਦੀ ਗੁਣਵੱਤਾ ਤੇ ਆਧਾਰ ਤੇ ਜਿਲ੍ਹੇ ਦਾ ਮੈਪ ਬਣਾਉਣ ਅਤੇ ਫਿਰ ਉਸੇ ਅਨੁਸਾਰ ਫਸਲੀ ਚੱਕਰ ਦਾ ਮੈਪ ਬਣਾਉਣ ਦੀ ਹਦਾਇਤ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਲੈਬੋਰੇਟਰੀਆਂ ਬਣਨ ਨਾਲ ਕਿਸਾਨਾਂ ਨੂੰ ਬਹੁਤ ਸਹੂਲਤ ਹੋਵੇਗੀ ਕਿਉਂਕਿ ਜਦੋਂ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਕਿਸਾਨ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਬਚ ਜਾਂਦੇ ਹਨ ਅਤੇ ਜਮੀਨ ਦੀ ਸਿਹਤ ਵੀ ਠੀਕ ਰਹਿੰਦੀ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਸੰਦੀਪ ਰਿਣਵਾ ਨੇ ਕਿਹਾ ਕਿ ਕਿਸਾਨ ਭਰਾ ਮਿੱਟੀ ਦੀ ਪਰਖ ਜਰੂਰ ਕਰਾਉਣ। ਉਹਨਾਂ ਨੇ ਕਿਹਾ ਕਿ ਫਿਲਹਾਲ ਵੀ ਖੇਤੀਬਾੜੀ ਵਿਭਾਗ ਅਤੇ ਬਾਗਬਾਨੀ ਵਿਭਾਗ ਦੀਆਂ ਭੋਂ ਪਰਖ ਲੈਬੋਰੇਟਰੀਆਂ ਚੱਲ ਰਹੀਆਂ ਹਨ ਅਤੇ ਕਿਸਾਨ ਇੱਥੋਂ ਮਿੱਟੀ ਦੀ ਪਰਖ ਕਰਾ ਸਕਦੇ ਹਨ। ਬੈਠਕ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਮੁੱਖੀ ਡਾ. ਅਰਵਿੰਦ ਅਹਿਲਾਵਤ, ਡਾ. ਰਜਿੰਦਰ ਸਿੰਘ ਸੋਇਲ ਟੈਸਟਿੰਗ ਅਫਸਰ, ਡਾ. ਮਮਤਾ ਖੇਤੀਬਾੜੀ ਅਫਸਰ, ਸਰਬਜੀਤ ਸਿੰਘ ਏਆਰ ਸਹਿਕਾਰੀ ਸਭਾਵਾਂ, ਕੰਵਰਜੀਤ ਕੌਰ ਐੱਚ.ਡੀ.ਓ ਵੀ ਹਾਜ਼ਿਰ ਸਨ।
Author: Abohar Live