ਕੋਈ ਵੀ ਗਰਭਪਾਤ (ਐਮ.ਟੀ.ਪੀ ਕਿੱਟ) ਦਵਾਈ ਬਿਨ੍ਹਾਂ ਕਿਸੇ ਔਰਤ ਰੋਗਾਂ ਮਾਹਿਰ ਦੀ ਪਰਚੀ ਤੋਂ ਵੇਚਣੀ ਗੈਰ ਕਾਨੂੰਨੀ- ਸਿਵਲ ਸਰਜਨ

ਅਬੋਹਰ 16 ਜਨਵਰੀ 2025: ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਸਿਵਲ ਸਰਜਨ ਡਾਕਟਰ ਲਹਿੰਬਰ ਰਾਮ ਦੀ ਯੋਗ ਅਗਵਾਈ ਵਿੱਚ ਮੈਡੀਕਲ ਸਟੋਰਾਂ ਤੇ ਗਰਭਪਾਤ (ਐਮ.ਟੀ.ਪੀ.ਕਿੱਟ) ਦੀਆਂ ਦਵਾਈਆਂ ਨੂੰ ਰੋਕਣ ਲਈ ਸਖਤ ਕੱਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਉਨ੍ਹਾਂ ਮੈਡੀਕਲ ਸਟੋਰ ਜੋ ਗੈਰ ਕਾਨੂੰਨੀ ਢੰਗ ਨਾਲ ਗਰਭਪਾਤ ਵਾਲੀਆਂ ਕਿੱਟਾ (ਐਮ.ਟੀ.ਪੀ) ਵੇਚਣ ਦਾ ਕੰਮ ਕਰਦੇ ਹਨ ਦੇ ਵਿੱਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਔਰਤ ਨੂੰ ਸਿਹਤ ਪੱਖੋਂ ਕਿਸੇ ਕਾਰਨਾਂ ਕਰਕੇ ਗਰਭਪਾਤ ਦੀ ਜਰੂਰਤ ਜਾਪਦੀ ਹੈ ਤਾਂ ਡਾਕਟਰੀ ਸਲਾਹ ਅਨੁਸਾਰ ਅਤੇ ਸਿਹਤ ਵਿਭਾਗ ਦੀ ਦੇਖ-ਰੇਖ ਵਿੱਚ ਹੀ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਕੋਈ ਵੀ ਗਰਭਪਾਤ (ਐਮ.ਟੀ.ਪੀ ਕਿੱਟ) ਦਵਾਈ ਬਿਨ੍ਹਾਂ ਕਿਸੇ ਔਰਤ ਰੋਗਾਂ ਮਾਹਿਰ ਦੀ ਪਰਚੀ ਤੋਂ ਵੇਚਣੀ ਗੈਰ ਕਾਨੂੰਨੀ ਹੈ। ਹਰ ਮੈਡੀਕਲ ਸਟੋਰ ਨੂੰ ਇਸ ਗਰਭਪਾਤ (ਐਮ.ਟੀ.ਪੀ.ਕਿੱਟ) ਦੀ ਦਵਾਈ ਦੀ ਖਰੀਦ ਅਤੇ ਵੇਚਣ ਦਾ ਮੁਕੰਮਲ ਰਿਕਾਰਡ ਅਤੇ ਸੰਬੰਧਿਤ ਡਾਕਟਰ ਦੀ ਪਰਚੀ ਦੀ ਫੋਟੋ ਕਾਪੀ ਦਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ ਜਿਸਦੀ ਕਿਸੇ ਵੇਲੇ ਵੀ ਅਚਨਚੇਤ ਚੈਕਿੰਗ ਹੋ ਸਕਦੀ ਹੈ ਅਤੇ ਇਸ ਸੰਬੰਧੀ ਡਰੱਗ ਇੰਸਪੈਕਟਰ ਫਾਜ਼ਿਲਕਾ ਨੁੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਡਾ. ਕਵਿਤਾ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਫਾਜ਼ਿਲਕਾ ਨੇ ਦੱਸਿਆ ਕਿ ਗਰਭਪਾਤ ਦੀ ਦਵਾਈ ਦੇ ਨੁਕਸਾਨ ਬਹੁਤ ਹੁੰਦੇ ਹਨ ਅਤੇ ਇਸਦੇ ਨਤੀਜੇ ਜਾਨਲੇਵਾ ਵੀ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਐਕਟੋਪਿਕ ਗਰਭ (ਬੱਚੇਦਾਨੀ ਤੋਂ ਬਾਹਰ ਹੋਇਆ ਗਰਭਧਾਰਨ) ਦੌਰਾਨ ਜੇਕਰ ਗਲਤੀ ਨਾਲ ਗਰਭਪਾਤ ਦਵਾਈ (ਐਮ.ਟੀ.ਪੀ.ਕਿੱਟ) ਖਾ ਲਈ ਜਾਵੇ ਤਾਂ ਟਿਊਬ ਦੇ ਫੱਟਣ ਕਾਰਨ ਐਮ.ਟੀ.ਪੀ. ਕਿੱਟ ਖਾਣ ਵਾਲੇ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਗਰਭਪਾਤ ਦੀ ਦਵਾਈ ਡਾਕਟਰੀ ਸਲਾਹ ਨਾਲ ਅਤੇ ਡਾਕਟਰੀ ਦੇਖਭਾਲ ਵਿੱਚ ਹੀ ਲੈਣੀ ਚਾਹੀਦੀ ਹੈ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਇਸ ਸੰਬੰਧੀ ਪਿੰਡਾਂ ਵਿੱਚ ਆਪਣੇ ਦੌਰੇ ਦੌਰਾਨ ਲੋਕਾਂ ਨੂੰ ਵੱਧ ਤੋ ਵੱਧ ਜਾਗਰੂਕ ਕੀਤਾ ਜਾਵੇ। ਇਸ ਮੌਕੇ ਡਾ. ਐਰਿਕ, ਵਿਨੋਦ ਖੁਰਾਣਾ, ਦਿਵਸ਼ ਕੁਮਾਰ, ਹਰਮੀਤ ਸਿੰਘ ਹਾਜ਼ਿਰ ਸਨ।
Author: Abohar Live