Abohar NewsJobs & CareerPunjab News

ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੇ ਮੰਤਵ ਨਾਲ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ, 14 ਸਕੂਲੀ ਬੱਸਾਂ ਦੇ ਚਲਾਨ ਕੱਟੇ

ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ

ਅਬੋਹਰ: ਡਿਪਟੀ ਕਮਿਸ਼ਨਰ ਅਮਨਪ੍ਰੀਤ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੇ ਮੰਤਵ ਨਾਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਲਈ ਉਪ ਮੰਡਲ ਮੈਜਿਸਟਰੇਟ, ਫਾਜਿਲਕਾ/ਜਲਾਲਾਬਾਦ ਕੰਵਰਜੀਤ ਸਿੰਘ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕਰਦਿਆਂ ਗਠਿਤ ਟੀਮ ਵੱਲੋਂ ਬਲਾਕ ਫਾਜਿਲਕਾ ਵਿਖੇ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਕੂਲੀ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੋ ਵਾਹਨ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਇਸੇ ਤਹਿਤ 14 ਸਕੂਲੀ ਬੱਸਾਂ ਦੇ ਚਲਾਨ ਵੀ ਕੱਟੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰੀਤੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਾਲਿਸੀ ਤਾਹਿਤ ਬੱਸ ਦੇ ਪਿੱਛੇ ਅਤੇ ਅੱਗੇ “ਸਕੂਲ ਬੱਸ” ਲਿਖਿਆ ਹੋਣਾ ਲਾਜ਼ਮੀ ਹੈ। ਜੇਕਰ ਕੋਈ ਸਕੂਲ ਬੱਸ ਕਿਰਾਏ ‘ਤੇ ਲਈ ਗਈ ਹੈ, ਤਾਂ “ਔਨ ਸਕੂਲ ਡਿਊਟੀ” ਸਪੱਸ਼ਟ ਤੌਰ ‘ਤੇ ਦਰਸਾਇਆ ਜਾਣਾ ਲਾਜ਼ਮੀ ਹੈ। ਬੱਸ ਵਿੱਚ ਇੱਕ ਫਸਟ-ਏਡ-ਬਾਕਸ ਹੋਣਾ ਲਾਜ਼ਮੀ ਹੈ। ਬੱਸ ਵਿੱਚ ਇੱਕ ਸੀ.ਸੀ.ਟੀ.ਵੀ ਕੈਮਰਾ ਹੋਣਾ ਲਾਜ਼ਮੀ ਹੈ। ਬੱਸ ਦੀਆਂ ਖਿੜਕੀਆਂ ਨੂੰ ਹੋਰੀਜ਼ੈਂਟਲ ਗਰਿੱਲਾਂ ਨਾਲ ਫਿੱਟ ਕੀਤਾ ਜਾਣਾ ਲਾਜ਼ਮੀ ਹੈ। ਬੱਸ ਵਿੱਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ ਹੈ। ਬੱਸ ‘ਤੇ ਸਕੂਲ ਦਾ ਨਾਮ ਅਤੇ ਟੈਲੀਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਥਾਰਟੀ ਦਾ ਫ਼ੋਨ ਨੰਬਰ ਵੀ ਲਾਜ਼ਮੀ  ਹੋਣਾ ਚਾਹੀਦਾ ਹੈ। ਬੱਸ ਦੇ ਦਰਵਾਜ਼ੇ ਭਰੋਸੇਯੋਗ ਤਾਲੇ ਨਾਲ ਫਿੱਟ ਕੀਤੇ ਜਾਣੇ ਲਾਜ਼ਮੀ ਹਨ। ਸਕੂਲ ਬੱਸ ਵਿੱਚ ਸਪੀਡ ਗਵਰਨਰ ਲਗਾਇਆ ਜਾਣਾ ਲਾਜ਼ਮੀ ਹੈ। ਸਕੂਲ ਬੱਸ ਦੀ ਬਾਡੀ ਪੀਲੇ ਰੰਗ ਦੀ ਹੋਣੀ ਲਾਜ਼ਮੀ ਹੈ। ਸਕੂਲੀ ਬੈਗਾਂ ਨੂੰ ਸੁਰੱਖਿਅਤ ਰੱਖਣ ਲਈ, ਸੀਟਾਂ ਦੇ ਹੇਠਾਂ ਇੱਕ ਜਗ੍ਹਾ ਫਿੱਟ ਹੋਣੀ ਲਾਜ਼ਮੀ ਹੈ। ਵਾਹਨ ਸੜਕ ’ਤੇ ਚੱਲਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਇੱਕ ਸਾਲਾਨਾ ਫਿਟਨੈੱਸ ਸਰਟੀਫਿਕੇਟ ਲੈ ਕੇ ਚੱਲਣਾ ਲਾਜ਼ਮੀ ਹੈ। ਸਕੂਲੀ ਵਾਹਨਾਂ ਦਾ ਬੀਮਾ ਲਾਜ਼ਮੀ ਹੈ। ਸਕੂਲ ਬੱਸ ਵੈਧ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਲਾਜ਼ਮੀ ਹੈ। ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਹਰ ਵਾਹਨ, ਬੱਸ, ਵੈਨ ਜਾਂ ਆਵਾਜਾਈ ਦੇ ਅਜਿਹੇ ਹੋਰ ਸਾਧਨਾਂ ਕੋਲ ਉੱਚਿਤ ਪਰਮਿਟ/ਇਜਾਜ਼ਤ ਹੋਣੀ ਲਾਜ਼ਮੀ ਹੈ। ਸਕੂਲ ਬੱਸ ਦੇ ਡਰਾਈਵਰ ਕੋਲ ਐਚ.ਐਮ.ਵੀ.-ਟਰਾਂਸਪੋਰਟ ਵਾਹਨ ਚਲਾਉਣ ਲਈ ਇੱਕ ਵੈਧ ਲਾਇਸੰਸ ਹੋਣਾ ਅਤੇ ਘੱਟੋ-ਘੱਟ 05 ਸਾਲ ਦਾ ਤਜ਼ਰਬਾ ਹੋਣਾ ਲਾਜ਼ਮੀ ਹੈ। ਸਕੂਲ ਬੱਸ ਦੇ ਡਰਾਈਵਰ ਕੋਲ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਅਤੇ ਉਸਦਾ ਟ੍ਰੈਫਿਕ ਅਪਰਾਧਾਂ ਦਾ ਕੋਈ ਪਿਛਲਾ ਰਿਕਾਰਡ ਨਹੀਂ ਹੋਣਾ ਚਾਹੀਦਾ। ਸਕੂਲ ਬੱਸ ਦੇ ਡਰਾਈਵਰ ਅਤੇ ਕੰਡਕਟਰ/ਅਟੈਂਡੈਂਟ ਨੂੰ ਸਹੀ ਵਰਦੀ ਪਹਿਨਣੀ ਚਾਹੀਦੀ ਹੈ। ਜਿਸ ’ਤੇ ਡਰਾਈਵਰ ਅਤੇ ਕੰਡਕਟਰ ਦਾ ਲਾਇਸੈਂਸ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ। ਵਾਹਨ ਦੇ ਡਰਾਈਵਰਾਂ ਦਾ ਮੈਡੀਕਲ ਫਿਟਨੈਸ ਅਤੇ ਡੋਪ ਟੈਸਟ ਜ਼ਿਲ੍ਹੇ ਦੇ ਸਿਵਲ ਸਰਜਨ ਦੁਆਰਾ ਕੀਤਾ ਜਾਵੇਗਾ। ਹਰ ਬੱਸ ਲਈ ਜਿਸ ਵਿੱਚ ਲੜਕੀਆਂ ਹੋਣ ਔਰਤ ਸੇਵਾਦਾਰ ਲਾਜ਼ਮੀ ਹੈ। ਬੱਸ ਡਰਾਈਵਰ ਨੂੰ ਸਕੂਲ ਬੱਸ ਵਿੱਚ ਲਿਜਾਏ ਜਾ ਰਹੇ ਬੱਚਿਆਂ ਦੇ ਨਾਵਾਂ ਦੀ ਇੱਕ ਪੂਰੀ ਸੂਚੀ ਆਪਣੇ ਨਾਲ ਰੱਖਣੀ ਲਾਜ਼ਮੀ ਹੈ, ਜਿਸ ਵਿੱਚ  ਨਾਮ ਤੋਂ ਇਲਾਵਾ ਕਲਾਸ, ਰਿਹਾਇਸ਼ੀ ਪਤਾ, ਬਲੱਡ ਗਰੁੱਪ ਅਤੇ ਰੁਕਣ ਦੇ ਬਿੰਦੂ, ਰੂਟ ਪਲਾਨ, ਆਦਿ ਜਰੂਰ ਹੋਵੇ। ਹਰੇਕ ਬੱਸ ਵਿੱਚ ਹਾਜ਼ਰੀ ਰਜਿਸਟਰ ਲਾਜ਼ਮੀ ਹੈ, ਜਿੱਥੇ ਕੰਡਕਟਰ ਬੱਚੇ ਦੀ ਹਾਜ਼ਰੀ ਦੀ ਨਿਸ਼ਾਨਦੇਹੀ ਕਰੇਗਾ। ਸਕੂਲ ਬੱਸ ਦਾ ਐਮਰਜੈਂਸੀ ਐਗਜ਼ਿਟ ਹੋਣਾ ਚਾਹੀਦਾ ਹੈ {ਸੱਜੇ ਪਾਸੇ ਅਤੇ ਪਿੱਛੇ)। ਸਕੂਲ ਕੋਲ ਸਕੂਲੀ ਵੈਨਾਂ ਦੀ ਪਾਰਕਿੰਗ ਸਬੰਧੀ ਆਪਣੀ ਜਗ੍ਹਾ ਹੋਣੀ ਲਾਜ਼ਮੀ ਹੈ। ਸਕੂਲ ਵਿੱਚ ਬੱਸ ਤੋਂ ਚੜਨ ਅਤੇ ਉਤਰਨ ਸਮੇਂ ਬੱਚੇ ਵੱਲੋਂ ਕਿਸੇ ਵੀ ਸੂਰਤ ਵਿੱਚ ਸੜਕ ਕਰਾਸ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਫਾਜਿਲਕਾ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਜ਼ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਵੀ ਸਕੂਲ ਵਾਹਨਾਂ ਦੀ ਚੈਕਿੰਗ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਿਆ ਜਾ ਸਕੇ। ਜੋ ਸਕੂਲ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਨੂੰ ਲਾਗੂ ਨਹੀਂ ਕਰਨਗੇ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Author: Abohar Live

Related Articles

Leave a Reply

Your email address will not be published. Required fields are marked *

Back to top button