ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਸੈਮੀਨਾਰ ਲਗਾ ਕੇ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਬਾਰੇ ਕੀਤਾ ਗਿਆ ਜਾਗਰੂਕ
ਨਿਯਮਾਂ ਦਾ ਪਾਲਨ ਕਰਕੇ ਸੜਕੀ ਦੁਰਘਟਨਾਵਾਂ ਹੋਣ ਤੋਂ ਜਾ ਸਕਦੈ ਹੈ ਰੋਕਿਆ

ਅਬੋਹਰ: ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਰੀਜ਼ਨਲ ਟਰਾਂਸਪੋਰਟ ਅਫਸਰ ਗੁਰਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਟਰਾਂਸਪੋਰਟ ਵਿਭਾਗ ਅਤੇ ਟਰੈਫਿਕ ਪੁਲਿਸ ਦੇ ਸਟਾਫ ਵੱਲੋਂ ਆਟੋ ਰਿਕਸ਼ਾ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ। ਸੈਮੀਨਾਰ ਦੌਰਾਨ ਜਾਗਰੂਕ ਕਰਦਿਆਂ ਉਹਨਾਂ ਕਿਹਾ ਕਿ ਸੜਕ ਤੇ ਚੱਲਦੇ ਸਮੇਂ ਕਦੇ ਵੀ ਜਲਦੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਨਿਰਧਾਰਿਤ ਗਤੀ ਦੇ ਅੰਦਰ ਹੀ ਵਹੀਕਲ ਨੂੰ ਚਲਾਇਆ ਜਾਵੇ। ਇਸ ਤੋਂ ਇਲਾਵਾ ਵਹੀਕਲ ਨੂੰ ਓਵਰਲੋਡ ਵੀ ਨਾ ਕੀਤਾ ਜਾਵੇ, ਓਵਰਲੋਡ ਕਾਰਨ ਕਈ ਵਾਰ ਅੱਗੇ ਪਿੱਛੇ ਸਹੀ ਦਿਖਾਈ ਨਾ ਦੇਣ ਕਾਰਨ ਦੁਰਘਟਨਾਵਾਂ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਲਾਲ ਬੱਤੀ ਹੋਣ ਤੇ ਵਹੀਕਲ ਕ੍ਰੋਸ ਨਾ ਕੀਤਾ ਜਾਵੇ ਜਦੋਂ ਹਰੀ ਬੱਤੀ ਹੋਵੇ ਉਦੋਂ ਹੀ ਵਹੀਕਲ ਕ੍ਰੋਸ ਕੀਤਾ ਜਾਵੇ। ਉਨ੍ਹਾਂ ਪ੍ਰੇਰਿਤ ਕਰਦਿਆਂ ਕਿਹਾ ਕਿ ਆਟੋ ਰਿਕਸ਼ਾ ਤੇ ਵੀ ਨਿਰਧਾਰਿਤ ਗਿਣਤੀ ਅਨੁਸਾਰ ਹੀ ਸਵਾਰੀਆਂ ਬਿਠਾਈਆਂ ਜਾਣ। ਉਹਨਾਂ ਕਿਹਾ ਕਿ ਨਿਰਧਾਰਿਤ ਗਿਣਤੀ ਤੋਂ ਵੱਧ ਸਵਾਰੀਆਂ ਬਿਠਾਉਣ ਕਾਰਨ ਕਈ ਵਾਰ ਆਟੋ ਪਲਟ ਵੀ ਜਾਂਦਾ ਹੈ ਜਿਸ ਨਾਲ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੱਜੇ ਤੇ ਖੱਬੇ ਮੁੜਦੇ ਸਮੇਂ ਇੰਡੀਕੇਟਰ ਦੀ ਵਰਤੋਂ ਵੀ ਲਾਜ਼ਮੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੜਕ ਸੁਰੱਖਿਆ ਮਹੀਨਾ ਮੁਹਿੰਮ ਨੂੰ ਮਨਾਉਣ ਦਾ ਮੁੱਖ ਮਕਸਦ ਸੜਕੀ ਹਾਦਸਿਆਂ ਨੂੰ ਘਟਾਉਣਾ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੜਕੀ ਨਿਯਮਾਂ ਬਾਰੇ ਜਾਣੂੰ ਕਰਵਾਉਣਾ, ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਆਪਾਂ ਸੜਕ ਤੇ ਚੱਲਦੇ ਸਮੇਂ ਨਿਯਮਾਂ ਦਾ ਪਾਲਣ ਜਰੂਰ ਕਰਾਂਗੇ। ਇਸ ਮੌਕੇ ਟਰੈਫਿਕ ਇੰਚਾਰਜ ਫਾਜ਼ਿਲਕਾ ਪਰਮਜੀਤ ਸਿੰਘ, ਸੰਜੇ ਸਰਮਾ ਆਰ.ਟੀ.ਓ ਦਫਤਰ ਅਤੇ ਪੁਲਿਸ ਵਿਭਾਗ ਤੋਂ ਸੁਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਇਸ ਮੁਹਿੰਮ ਸੰਬੰਧੀ ਪ੍ਰੇਰਿਤ ਕੀਤਾ ਗਿਆ।
Author: Abohar Live