6000 ਤੋਂ ਵੱਧ ਲੋਕ ਸੀ.ਐੱਮ ਦੀ ਯੋਗਸ਼ਾਲਾ ਤਹਿਤ ਹੋਏ ਰਜਿਸਟਰਡ-ਐੱਸ.ਡੀ.ਐਮ ਕ੍ਰਿਸ਼ਨ ਪਾਲ ਰਾਜਪੂਤ
145 ਥਾਵਾਂ ਤੇ 26 ਟ੍ਰੇਨਰਾਂ ਵੱਲੋਂ ਯੋਗਾ ਰਾਹੀਂ ਲੋਕਾਂ ਨੂੰ ਰੱਖਿਆ ਜਾ ਰਿਹੈ ਸਿਹਤਮੰਦ

ਅਬੋਹਰ ਲਾਈਵ: ਪੰਜਾਬ ਸਰਕਾਰ ਦੀ ਸੀ.ਐੱਮ ਦੀ ਯੋਗਸ਼ਾਲਾ ਮੁਹਿੰਮ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਫਾਜ਼ਿਲਕਾ ਦੇ ਹਰ ਉਮਰ ਦੇ ਲੋਕਾਂ ਵੱਲੋਂ ਇਸ ਮੁਹਿੰਮ ਵਿਚ ਆਪਣੀ ਸਵੈ-ਇੱਛਾ ਤੇ ਉਤਸ਼ਾਹਪੂਰਵਕ ਭਾਗੀਦਾਰੀ ਦਿਖਾਉਂਦਿਆਂ ਹੋਇਆ ਵੱਧ ਚੜ੍ਹ ਕੇ ਹਿਸਾ ਲਿਆ ਜਾ ਰਿਹਾ ਹੈ। 6000 ਤੋਂ ਵੱਧ ਲੋਕਾਂ ਵੱਲੋਂ ਸੀ.ਐੱਮ ਦੀ ਯੋਗਸ਼ਾਲਾ ਮੁਹਿੰਮ ਵਿੱਚ ਰਜਿਸਟ੍ਰੇਸ਼ਨ ਕਰਵਾਉਂਦਿਆਂ ਯੋਗਾ ਕਲਾਸਾਂ ਵਿਖੇ ਹਾਜ਼ਰੀ ਯਕੀਨੀ ਬਣਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਦੇ ਜ਼ਿਲ੍ਹਾ ਨੋਡਲ ਅਫਸਰ ਐੱਸ.ਡੀ.ਐੱਮ ਕ੍ਰਿਸ਼ਨ ਪਾਲ ਰਾਜਪੂਤ ਨੇ ਦੱਸਿਆ ਕਿ ਜਿਲ੍ਹੇ ਅੰਦਰ 145 ਥਾਵਾਂ ਤੇ 26 ਟ੍ਰੇਨਰਾਂ ਵੱਲੋਂ ਯੋਗਾ ਰਾਹੀਂ ਲੋਕਾਂ ਨੂੰ ਤੰਦਰੁਸਤ ਰੱਖਿਆ ਜਾ ਰਿਹਾ ਹੈ। ਐੱਸ.ਡੀ.ਐੱਮ ਸ਼੍ਰੀ ਰਾਜਪੂਤ ਨੇ ਦੱਸਿਆ ਕਿ ਯੋਗ ਵਿਧੀ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਹੈ ਤੇ ਇਸਦਾ ਲਾਭ ਪਹਿਲਾਂ ਸਮੇਂ ਵਿਚ ਹੀ ਓਵੇ ਹੀ ਸੀ ਤੇ ਅੱਜ ਵੀ ਓਵੇ ਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਸਮੇਤ ਹੋਰ ਉਮਰ ਦੇ ਲੋਕਾਂ ਨੂੰ ਸਿਹਤਮੰਤ ਰੱਖਣ ਲਈ ਸੀ.ਐੱਮ ਦੀ ਯੋਗਸ਼ਾਲਾ ਮੁਹਿੰਮ ਚਲਾਈ ਗਈ ਹੈ। ਜਿਸ ਦਾ ਹਰੇਕ ਨਾਗਰਿਕ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਅਭਿਆਸ ਰਾਹੀਂ ਅਸੀਂ ਆਪਣੇ ਆਪ ਨੂੰ ਚਿੰਤਾਮੁਕਤ ਕਰਦੇ ਹਾਂ, ਜਿਸ ਨਾਲ ਮਨ ਤੇ ਸਾਡੇ ਸਰੀਰ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜੇ ਦੇ ਤੇਜ-ਤਰਾਰ ਸਮੇਂ ਵਿੱਚ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੈ। ਹੋਰ ਕਸਰਤਾਂ, ਜਿੰਮ ਵਿੱਚ ਨਾਂ ਜਾਂਦਿਆਂ ਹੋਇਆ ਯੋਗਾ ਨੂੰ ਆਪਣੀ ਜਿੰਦਗੀ ਵਿੱਚ ਅਪਨਾਉਣਾ ਚਾਹੀਦਾ ਹੈ ਜਿਸ ਨਾਲ ਜਿੱਥੇ ਸਰੀਰਿਕ ਤੌਰ ਤੇ ਮਜ਼ਬੂਤ ਬਣਦੇ ਹਾਂ ਉੱਥੇ ਸਾਰਾ ਦਿਨ ਤਾਜਾ ਮਹਿਸੂਸ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਯੋਗਾ ਕਰਨ ਤੋਂ ਬਾਅਦ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ ਅਤੇ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਯੋਗਾ ਸਿਖਣ ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਸਥਾਪਿਤ ਕੀਤਾ ਹੈ। ਇਸ ਤੋਂ ਇਲਾਵਾ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ। ਜ਼ਿਲ੍ਹਾ ਕੁਆਰਡੀਨੇਟਰ ਸ਼੍ਰੀ ਰਾਧੇ ਸਿਆਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਐੱਮ ਦੀ ਯੋਗਸ਼ਾਲਾ ਪ੍ਰੋਜੈਕਟ ਨੁੰ ਸਫਲਤਾਪੂਰਵਕ ਹੁੰਗਾਰਾ ਮਿਲਣ ਸਦਕਾ ਯੋਗਾ ਡਿਪਲੋਮੇ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜਿਲਕਾ ਵਿਖੇ ਹਫਤੇ ਦੇ 5 ਦਿਨਾਂ ਦੀ ਕਲਾਸ ਲਗਾਈ ਜਾ ਰਹੀ ਹੈ। ਜਿਸ ਵਿੱਚ ਪ੍ਰੈਕਟੀਕਲ ਦੇ ਨਾਲ-ਨਾਲ ਕਿਤਾਬੀ ਗਿਆਨ ਦੀ ਵੰਡ ਕੀਤੀ ਜਾ ਰਹੀ ਹੈ। ਇਸ ਯੋਗਾ ਡਿਪਲੋਮੇ ਦੇ ਪਹਿਲੇ ਬੈਚ ਦੌਰਾਨ 80 ਵਿਦਿਆਰਥੀਆਂ ਵੱਲੋਂ ਦਾਖਲਾ ਲਿਆ ਗਿਆ ਹੈ ਅਤੇ ਇਹ ਇੱਕ ਸਾਲ ਦਾ ਕੋਰਸ ਹੈ। ਉਨ੍ਹਾਂ ਕਿਹਾ ਕਿ 12ਵੀਂ ਪਾਸ ਵਿਦਿਆਰਥੀਆਂ ਨੂੰ ਇਸ ਕੋਰਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਤੰਦਰੁਸਤ ਰਹਿਣ ਦੇ ਨਾਲ-ਨਾਲ ਭਵਿੱਖ ਵਿੱਚ ਹੋਰਨਾਂ ਨੂੰ ਯੋਗਾ ਸਿਖਾ ਸਕਣ। ਉਨ੍ਹਾਂ ਕਿਹਾ ਕਿ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਯੋਗਾ ਦੀ ਮਹੱਤਤਾ ਤੇ ਫਾਇਦਿਆਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ।
Author: Abohar Live