ਬੀਤੇ ਦਿਨੀਂ ਬੇਰੁਜ਼ਗਾਰ ਸਾਂਝਾ ਮੋਰਚੇ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਕੋਠੀ ਮੂਹਰੇ ਬਾਲੀ ਸੰਘਰਸ਼ੀ ਲੋਹੜੀ
ਅਬੋਹਰ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਮੌਕੇ ਪੰਜਾਬ ਦੇ ਵਿਭਿੰਨ ਵਰਗਾਂ ਸਮੇਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ। ਜਿਹੜੇ ਕਿ ਕਰੀਬ ਤਿੰਨ ਸਾਲ ਵਿੱਚ ਲਾਰੇ ਸਾਬਿਤ ਹੋ ਚੁੱਕੇ ਹਨ। ਪੰਜਾਬ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਬੇਰੁਜ਼ਗਾਰਾਂ ਨੇ ‘ਬੇਰੁਜ਼ਗਾਰ ਸਾਂਝੇ ਮੋਰਚੇ’ ਦੀ ਅਗਵਾਈ ਵਿੱਚ ਲੋਹੜੀ ਮੌਕੇ ਪੰਜਾਬ ਦੇ ਕਰੀਬ ਅੱਧੀ ਦਰਜਨ ਮੰਤਰੀਆਂ ਦੀਆਂ ਕੋਠੀਆਂ ਅੱਗੇ ਸਰਕਾਰੀ ਲਾਰੇ ਫੂਕ ਕੇ ਸੰਘਰਸ਼ੀ ਲੋਹੜੀ ਮਨਾਈ ਗਈ। ਇਸ ਪ੍ਰੋਗਰਾਮ ਤਹਿਤ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਆਗੂ ਰਮਨ ਕੁਮਾਰ ਮਲੋਟ ਅਤੇ ਜਸਵੰਤ ਸਿੰਘ ਘੁਬਾਇਆ ਦੀ ਅਗਵਾਈ ਵਿੱਚ ਬੇਰੁਜ਼ਗਾਰ ਖੁੱਡੀਆ ਪਿੰਡ ਦੀ ਦਾਣਾ ਮੰਡੀ ਵਿਖੇ ਇਕੱਠੇ ਹੋ ਕੇ ਉੱਥੇ ਰੋਸ ਮਾਰਚ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਕੋਠੀ ਅੱਗੇ ਪਹੁੰਚ ਕੇ ਉਥੇ ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜੀ ਕੀਤੀ ਅਤੇ ਇਥੇ ਸੰਘਰਸ਼ੀ ਲੋਹੜੀ ਬਾਲ ਕੇ ਸਰਕਾਰ ਦੇ ਲਾਰਿਆ ਦੀ ਪੰਡ ਫੂਕੀ। ਇਸ ਦੌਰਾਨ ਮਨੀਸ਼ ਫ਼ਾਜ਼ਿਲਕਾ, ਸੁਨੀਲ, ਹਰਦੀਪ ਫ਼ਾਜ਼ਿਲਕਾ, ਕਾਲਾ ਫ਼ਾਜ਼ਿਲਕਾ, ਕੁਲਦੀਪ ਫ਼ਿਰੋਜ਼ਪੁਰ, ਕਰਨ ਕੁਮਾਰ ਮਲੋਟ, ਸੁਖਵਿੰਦਰ ਕੁਮਾਰ ਮਲੋਟ, ਰੇਸ਼ਮ ਕੌਰ ਚੰਨੂ ਵਾਲਾ, ਮਨਪ੍ਰੀਤ ਕੌਰ ਚੰਨੂ ਵਾਲਾ, ਨਰਿਦੰਰਪਾਲ ਸਿੰਘ, ਪੂਜਾ ਮੈਡਮ, ਲਵਲੀ ਮੈਡਮ ਅਤੇ ਸੋਮਾਂ ਮੈਡਮ ਸਮੇਤ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਹਾਜ਼ਿਰ ਸਨ।
Author: Abohar Live