ਫਾਜ਼ਿਲਕਾ ਦੀਆਂ ਸਹਿਕਾਰੀ ਸਭਾਵਾਂ ਛੂਹਣਗੀਆਂ ਨਵੇਂ ਦਿਸਹੱਦੇ, ਸਹਿਕਾਰਤਾ ਲਹਿਰ ਹੋਵੇਗੀ ਮਜਬੂਤ
ਅਬੋਹਰ: ਸਹਿਕਾਰਤਾ ਵਿਭਾਗ ਵੱਲੋਂ ਸਾਲ 2025 ਨੂੰ ਅੰਤਰਰਾਸ਼ਟਰੀ ਸਹਿਕਾਰਤਾ ਸਾਲ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੀਆਂ 123 ਸਹਿਕਾਰੀ ਸਭਾਵਾਂ ਨੂੰ ਬਹੁਮੰਤਵੀ ਅਤੇ ਬਹੁ ਅਯਾਮੀ ਬਣਾਉਣ ਲਈ ਉਪਰਾਲੇ ਵਿੱਢੇ ਗਏ ਹਨ। ਇਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਦੀ ਅਗਵਾਈ ਹੇਠ ਇੱਕ ਬੈਠਕ ਹੋਈ। ਜਿਸ ਦੌਰਾਨ ਉਨਾਂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਨੂੰ ਉਹਨਾਂ ਵੱਲੋਂ ਪਹਿਲਾਂ ਤੋਂ ਕੀਤੇ ਜਾ ਰਹੇ ਕਾਰਜਾਂ ਦੇ ਨਾਲ ਨਾਲ ਹੋਰ ਕਾਰਜ ਦਿੱਤੇ ਜਾ ਰਹੇ ਹਨ ਤਾਂ ਜੋ ਇਹਨਾਂ ਸਹਿਕਾਰੀ ਸਭਾਵਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇ ਅਤੇ ਇਹ ਸਮਾਜ ਲਈ ਹੋਰ ਵੀ ਲਾਭਕਾਰੀ ਸਿੱਧ ਹੋਣ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਕਾਮਨ ਸਰਵਿਸ ਸੈਂਟਰ ਦੀ ਸੁਵਿਧਾ ਦਿੱਤੀ ਜਾਵੇਗੀ, ਜਿਸ ਤਹਿਤ ਹੁਣ ਤੱਕ 87 ਸਹਿਕਾਰੀ ਸਭਾਵਾਂ ਵਿੱਚ ਇਹ ਸੁਵਿਧਾ ਸ਼ੁਰੂ ਹੋ ਗਈ ਹੈ ਅਤੇ ਫੇਜ ਦੋ ਵਿੱਚ ਬਾਕੀ ਸਭਾਵਾਂ ਨੂੰ ਵੀ ਇਹ ਸੁਵਿਧਾ ਨਾਲ ਜੋੜਿਆ ਜਾ ਰਿਹਾ ਹੈ। ਇਸ ਤਹਿਤ ਇਹ ਸਭਾਵਾਂ ਨਾਗਰਿਕਾਂ ਨੂੰ 300 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਉਪਲੱਬਧ ਕਰਵਾਉਣਗੀਆਂ। ਇਸ ਨਾਲ ਜਿੱਥੇ ਇਹਨਾਂ ਸਭਾਵਾਂ ਦੇ ਨੇੜੇ ਰਹਿੰਦੇ ਲੋਕਾਂ ਨੂੰ ਲਾਭ ਹੋਵੇਗਾ ਉੱਥੇ ਹੀ ਸਭਾਵਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਪੰਜ ਸਹਿਕਾਰੀ ਸਭਾਵਾਂ ਜਿਸ ਵਿੱਚ ਖੁਈਆਂ ਸਰਵਰ, ਵਹਾਬ ਵਾਲਾ, ਨਿਹਾਲ ਖੇੜਾ, ਚੱਕ ਮੰਨੇ ਵਾਲਾ ਅਤੇ ਟਾਹਲੀ ਵਾਲਾ ਜੱਟਾਂ ਦੀ ਸਹਿਕਾਰੀ ਸਭਾ ਸ਼ਾਮਿਲ ਹੈ, ਵਿਖੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਵੀ ਖੋਲੇ ਜਾਣਗੇ, ਜਿੱਥੋਂ ਲੋਕਾਂ ਨੂੰ ਸਸਤੀਆਂ ਅਤੇ ਮਿਆਰੀ ਦਵਾਈਆਂ ਉਪਲੱਬਧ ਹੋ ਸਕਣਗੀਆਂ। ਇਹਨਾਂ ਵਿੱਚੋਂ ਵਹਾਬ ਵਾਲਾ ਅਤੇ ਚੱਕ ਮੰਨੇ ਵਾਲਾ ਵਿਖੇ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਸ਼ੁਰੂ ਹੋ ਗਏ ਹਨ। ਇਸੇ ਤਰ੍ਹਾਂ ਸਹਿਕਾਰੀ ਸੇਵਾਵਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਵਿੱਚ ਵਜੋਂ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਲਈ ਹੁਣ ਤੱਕ 47 ਸਭਾਵਾਂ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਮਰਿੱਧੀ ਕੇਂਦਰ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਵਿਭਾਗ ਦੇ ਡਿਪਟੀ ਰਜਿਸਟਰਾਰ ਸ਼੍ਰੀ ਸੋਨੂੰ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਪੰਜ ਸਭਾਵਾਂ ਵੱਲੋਂ ਨੈਸ਼ਨਲ ਪੱਧਰ ਤੇ ਬਹੂਰਾਜੀ ਨਿਰਯਾਤ ਸਹਿਕਾਰਤਾ ਸੁਸਾਇਟੀ ਦੇ ਹਿੱਸੇਦਾਰ ਬਣਨ ਲਈ ਅਰਜੀ ਦਿੱਤੀ ਗਈ ਹੈ। ਇਸ ਤਰੀਕੇ ਨਾਲ ਇੰਨ੍ਹਾਂ ਸਭਾਵਾਂ ਦੇ ਮੈਂਬਰ ਆਪਣੀ ਉਪਜ ਨੂੰ ਉਕਤ ਸਹਿਕਾਰੀ ਸਭਾ ਦੇ ਮਾਰਫਤ ਨਿਰਯਾਤ ਵੀ ਕਰ ਸਕਣਗੇ। ਇਸੇ ਤਰਾਂ ਜਿਲੇ ਦੀਆਂ ਪੰਜ ਸਭਾਵਾਂ ਵੱਲੋਂ ਰਾਸ਼ਟਰੀ ਪੱਧਰ ਤੇ ਬਹੁ-ਰਾਜੀ ਸਰਟੀਫਾਈਡ ਸੀਡ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਬਣਨ ਲਈ ਵੀ ਅਰਜੀ ਦਿੱਤੀ ਗਈ ਹੈ। ਇਸੇ ਤਰ੍ਹਾਂ ਜਿਲ੍ਹੇ ਦੀਆਂ ਪੰਜ ਸਹਿਕਾਰੀ ਸੇਵਾਵਾਂ ਕੌਮੀ ਪੱਧਰ ਤੇ ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀ ਫਾਰ ਔਰਗੈਨਿਕ ਫਾਰਮਰ ਦੇ ਮੈਂਬਰ ਬਣੀਆਂ ਹਨ। ਇਸ ਤੋਂ ਬਿਨਾਂ ਡੇਅਰੀ ਮੱਛੀ, ਪਾਲਣ ਆਦਿ ਖੇਤਰ ਵਿੱਚ ਵੀ ਸਹਿਕਾਰਤਾ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਬੈਠਕ ਵਿੱਚ ਖੇਤੀਬਾੜੀ ਵਿਭਾਗ, ਨਾਬਾਰਡ, ਮੱਛੀ ਪਾਲਣ, ਐੱਫ.ਸੀ.ਆਈ ਤੋਂ ਅਧਿਕਾਰੀ ਹਾਜਿਰ ਸਨ।
Author: Abohar Live