ਜਿਲ੍ਹਾ ਸਿਹਤ ਵਿਭਾਗ ਫਾਜਿਲਕਾ ਵੱਲੋਂ ਵਿਸ਼ਵ ਲੈਪਰੋਸੀ ਦਿਵਸ ਸੰਬੰਧੀ ਕੀਤਾ ਜਾਗਰੂਕਤਾ ਸਮਾਗਮ, ਕੁਸ਼ਟ ਰੋਗ 100 ਪ੍ਰਤੀਸ਼ਤ ਇਲਾਜਯੋਗ ਹੈ- ਡਾ. ਲਹਿੰਬਰ ਰਾਮ
ਅਬੋਹਰ: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਪ੍ਰਧਾਨਗੀ ਵਿੱਚ ਵਿਸ਼ਵ ਲੈਪਰੋਸੀ ਦਿਵਸ ਦੇ ਸੰਬੰਧ ਵਿੱਚ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ‘ਇੱਕਜੁੱਟ ਹੋਵੋ, ਐਕਟ ਕਰੋ ਅਤੇ ਖਤਮ ਕਰੋ’ ਥੀਮ ਹੇਠ ਸੀ.ਐੱਚ.ਸੀ ਡੱਬਵਾਲਾ ਕਲਾਂ ਵਿਖੇ ਕੀਤਾ ਗਿਆ। ਇਸ ਸਮੇਂ ਡਾ. ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਨੀਲੂ ਚੁੱਘ ਜਿਲ੍ਹਾ ਲੈਪਰੋਸੀ ਅਫ਼ਸਰ, ਡਾ. ਪੰਕਜ਼ ਚੌਹਾਨ ਸੀਨੀਅਰ ਮੈਡੀਕਲ ਅਫ਼ਸਰ, ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਸੰਦੀਪ ਕੁਮਾਰ, ਪ੍ਰਕਾਸ਼, ਵਿਨੋਦ ਕੁਮਾਰ ਅਤੇ ਖੁਸ਼ਵੰਤ ਸਿਘ ਹਾਜ਼ਿਰ ਸਨ। ਡਾ. ਲਹਿੰਬਰ ਰਾਮ ਵੱਲੋਂ ਦਫ਼ਤਰ ਸਿਵਲ ਸਰਜਨ ਫਾਜਿਲਕਾ ਵਿਖੇ ਕੁਸ਼ਟ ਬਿਮਾਰੀ ਸੰਬੰਧੀ ਜਾਗਰੂਕਤਾ ਪੈਂਫਲਿਟ ਵੀ ਜਾਰੀ ਕੀਤਾ। ਇਸ ਸਮੇਂ ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਸਰਕਾਰ ਵੱਲੋਂ ਨੈਸ਼ਨਲ ਲੈਪਰੋਸੀ ਅਰਿਡੀਕੇਸ਼ਨ ਪ੍ਰੋਗਰਾਮ (ਐੱਨ.ਐੱਲ.ਈ.ਪੀ) ਤਹਿਤ ਕੁਸ਼ਟ ਰੋਗ ਦੇ ਖਾਤਮੇ ਲਈ ਚਲਾਏ ਜਾ ਰਹੇ ਸਪਰਸ਼ ਲੈਪਰੋਸੀ ਜਾਗਰੂਕਤਾ ਪ੍ਰੋਗਰਾਮ ਅਧੀਨ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਰੈਲੀਆਂ, ਗਰੁੱਪ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਕੁਸ਼ਟ ਰੋਗ ਸੰਬੰਧੀ ਜਾਗਰੂਕ ਕਰਨ ਤੋਂ ਇਲਾਵਾ ਪ੍ਰਵਾਸੀ ਮਜਦੂਰਾਂ ਦੇ ਰਿਹਾਇਸ਼ੀ ਖੇਤਰਾਂ ਵਿੱਚ ਸਰਵੇ ਕੀਤਾ ਜਾਵੇਗਾ। ਜੇਕਰ ਕੋਈ ਸ਼ੱਕੀ ਲੱਛਣ ਵਾਲਾ ਵਿਅਕਤੀ ਮਿਲਦਾ ਹੈ ਤਾਂ ਉਸਦਾ ਇਲਾਜ ਬਿਲਕੁੱਲ ਮੁਫਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੁਸ਼ਟ ਰੋਗ ਇਲਾਜਯੋਗ ਹੈ। ਡਾ. ਕਵਿਤਾ ਸਿੰਘ ਅਤੇ ਡਾ. ਨੀਲੂ ਚੁੱਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਚਮੜੀ ਤੇ ਤਾਂਬੇ ਰੰਗ ਦੇ ਸੁੰਨ ਧੱਬੇ, ਚਮੜੀ ਦਾ ਸੁੰਨਾਪਣ, ਨਸਾਂ ਮੋਟੀਆਂ ਅਤੇ ਸਖਤ, ਚਮੜੀ ਤੇ ਠੰਡੇ ਅਤੇ ਗਰਮ ਦਾ ਪਤਾ ਨਾ ਲੱਗਣਾ, ਨਾ ਠੀਕ ਹੋਣ ਵਾਲੇ ਜਖਮ ਹੋ ਜਾਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾ ਕੇ ਚੈਕਅੱਪ ਕਰਵਾਉਣਾ ਚਾਹੀਦਾ ਹੈ। ਕੁਸ਼ਟ ਰੋਗ ਦੇ ਮਰੀਜਾਂ ਨਾਲ ਕਿਸੇ ਵੀ ਪ੍ਰਕਾਰ ਦੇ ਭੇਦਭਾਵ ਨਹੀਂ ਕਰਨਾ ਚਾਹੀਦਾ। ਸਿਹਤ ਵਿਭਾਗ ਦਾ ਟੀਚਾ ਜੀਰੋ ਲੈਪਰੋਸੀ ਟਰਾਸ਼ਮਿਸਨ ਹੈ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੁਸ਼ਟ ਰੋਗੀਆਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਸਮੇਂ ਕਮਿਊਨਿਟੀ ਹੈੱਲਥ ਅਫ਼ਸਰ, ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਸਿਹਤ ਸਟਾਫ਼ ਹਾਜ਼ਰ ਸੀ।
Author: Abohar Live