ਚਾਈਲਡ ਵੈਲਫੇਅਰ ਕਮੇਟੀ ਨੇ ਲਾਪਤਾ ਬੱਚਾ ਮਾਂ ਬਾਪ ਦੇ ਕੀਤਾ ਹਵਾਲੇ

ਅਬੋਹਰ: ਚਾਈਲਡ ਵੈਲਫੇਅਰ ਕਮੇਟੀ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸ਼੍ਰੀ ਸਰਵਰਿੰਦਰ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ ਦਿਨੀਂ ਇੱਕ ਬੱਚਾ ਜੋ ਕੇ ਮਾਤਾ ਪਿਤਾ ਤੋਂ ਅਲੱਗ ਹੋ ਗਿਆ ਸੀ, ਜਿਸ ਨੂੰ ਮੇਲੇ ਵਿੱਚੋਂ ਪੁਲਿਸ ਦੀ ਮੱਦਦ ਨਾਲ ਰੈਸਕਿਉ ਕੀਤਾ ਗਿਆ ਅਤੇ ਕਮੇਟੀ ਦੇ ਯਤਨਾਂ ਸਦਕਾ ਲਾਪਤਾ ਬੱਚਾ ਉਸ ਦੇ ਮਾਂ ਬਾਪ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚਾਈਲਡ ਵੈਲਫੇਅਰ ਕਮੇਟੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮੈਂਬਰ ਮਨੀਸ਼ ਵਰਮਾ ਨੂੰ ਜਦੋਂ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਬੱਚੇ ਨਾਲ ਗੱਲਬਾਤ ਕੀਤੀ ਤਾਂ ਉਸ ਸਮੇਂ ਬੱਚਾ ਆਪਣਾ ਨਾਮ ਅਤੇ ਮਾਤਾ-ਪਿਤਾ ਬਾਰੇ ਕੁੱਝ ਵੀ ਦੱਸਣ ਤੋਂ ਅਸਮਰੱਥ ਸੀ ਅਤੇ ਚੇਅਰਮੈਨ ਸਰਵਰਿੰਦਰ ਢਿੱਲੋਂ ਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਫ਼ੈਸਲਾ ਲੈਣ ਉਪਰੰਤ ਬੱਚੇ ਨੂੰ ਬਾਲ ਆਸ਼ਰਮ ਵਿਖੇ ਭੇਜ ਦਿੱਤਾ ਗਿਆ। ਇਸ ਤੋਂ ਬਾਅਦ 25 ਜਨਵਰੀ 2025 ਨੂੰ ਬੱਚੇ ਨੇ ਦੱਸਿਆ ਕਿ ਉਹ ਮਾਛੀਵਾੜਾ ਦਾ ਰਹਿਣ ਵਾਲਾ ਹੈ ਇਹ ਜਾਣਕਾਰੀ ਮਿਲਣ ਉਪਰੰਤ ਚੇਅਰਮੈਨ ਵੱਲੋਂ ਸੀ.ਡਬਲਯੂ.ਸੀ.ਲੁਧਿਆਣਾ ਦੇ ਚੇਅਰਮੈਨ ਸ਼੍ਰੀ ਗੁਰਜੀਤ ਰੋਮਾਣਾ ਨਾਲ ਗੱਲ ਕੀਤੀ ਗਈ ਅਤੇ ਅੱਗੇ ਉਹਨਾਂ ਵੱਲੋ ਮਾਛੀਵਾੜਾ ਦੀ ਪੁਲਿਸ ਨਾਲ ਰਾਬਤਾ ਕਾਇਮ ਕਰਦੇ ਹੋਏ ਇਸ ਬੱਚੇ ਬਾਰੇ ਜਾਣਕਾਰੀ ਦਿੱਤੀ ਕਿ ਬੱਚਾ ਗੁਰੂਦੁਆਰਾ ਚਰਨ ਕਮਲ ਦੇ ਨੇੜੇ ਤੇੜੇ ਦਾ ਰਹਿਣ ਵਾਲਾ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਲਾਪਤਾ ਬੱਚੇ ਦੇ ਮਾਤਾ ਪਿਤਾ ਦੀ ਭਾਲ ਕਰਨ ਉਪਰੰਤ 26 ਜਨਵਰੀ ਨੂੰ ਬੱਚੇ ਦੇ ਮਾਤਾ ਪਿਤਾ ਨੂੰ ਨਾਲ ਲੈ ਕੇ ਉਹਨਾਂ ਦੇ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਕੇ ਚੇਅਰਮੈਨ ਨਾਲ ਸੰਪਰਕ ਕੀਤਾ ਗਿਆ। ਚੇਅਰਮੈਨ ਸਰਵਰਿੰਦਰ ਸਿੰਘ ਢਿੱਲੋਂ, ਮੈਂਬਰ ਮਨੀਸ਼ ਵਰਮਾ ਅਤੇ ਮੈਂਬਰ ਅਮਰਜੀਤ ਵੱਲੋਂ ਕਾਗਜ਼ੀ ਕਾਰਵਾਈ ਕਰਨ ਉਪਰੰਤ ਬੱਚੇ ਨੂੰ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ।
Author: Abohar Live