ਨੈਸ਼ਨਲ ਗਰਲ ਚਾਈਲਡ ਦਿਵਸ ਦੇ ਸੰਬੰਧ ਵਿੱਚ ਜਾਗਰੂਕਤਾ ਸਮਾਗਮ ਦਾ ਕੀਤਾ ਗਿਆ ਆਯੋਜਨ
ਅਬੋਹਰ: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਅਤੇ ਡਾ. ਕਵਿਤਾ ਸਿੰਘ ਦੀ ਦੇਖ-ਰੇਖ ਵਿੱਚ “ਨੈਸ਼ਨਲ ਗਰਲ ਚਾਈਲਡ ਦਿਵਸ”, ਦੇ ਸੰਬੰਧ ਵਿੱਚ ਸਰਕਾਰੀ ਹਾਈ ਸਕੂਲ ਬਨਵਾਲਾ ਹਨਵੰਤਾ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਨੇ ਕਿਹਾ ਕਿ ਹਰੇਕ ਸਾਲ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਦਿਨ ਮਨਾਉਣ ਦਾ ਮਕਸਦ ਲੜਕੀਆਂ ਨੂੰ ਸਮਾਜ ਵਿੱਚ ਸਨਮਾਨ ਦੇਣਾ ਹੈ। ਸਾਨੂੰ ਲੜਕੀਆਂ ਅਤੇ ਮੁੰਡਿਆਂ ਵਿੱਚ ਕੋਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਲੜਕੀਆਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਮੁੰਡਿਆਂ ਦੇ ਬਰਾਬਰ ਹੀ ਕਰਵਾਉਣੀ ਚਾਹੀਦੀ ਹੈ। ਲੜਕੀਆਂ ਨੰੂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਘੱਟ ਨਹੀਂ ਹਨ ਬਸ਼ਰਤੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਮਾਪਿਆਂ ਨੂੰ ਲੜਕੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਅਤੇ ਉਹਨਾਂ ਨੰੂ ਸੁੰਦਰ ਦੁਨੀਆਂ ਦੇਖਣ ਦਾ ਮੌਕਾ ਦੇਣਾ ਚਾਹੀਦਾ ਹੈ। ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਦੇ ਨਾਲ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੀ ਅਨੁਪਾਂਤ ਵਿੱਚ ਵਾਧਾ ਹੋਇਆ ਹੈ। ਸਾਨੂੰ ਮੁੰਡਿਆਂ ਦੀ ਲੋਹੜੀ ਦੀ ਤਰ੍ਹਾਂ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ। ਸਮਾਜ ਵਿੱਚੋ ਦਹੇਜ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੀਦਾ ਹੈ। ਸਮਾਜ ਵਿੱਚ ਲੜਕੀਆਂ ਨਾਲ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕੀ ਲੜਕੀਆਂ ਲਈ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਜਿਵੇਂ ਕਿ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ, ਸ਼ਗਨ ਸਕੀਮ, ਬਾਲੜੀ ਰੱਖਿਅਕ ਯੋਜਨਾ, ਹਸਪਤਾਲਾਂ ਵਿੱਚ 5 ਸਾਲ ਤੱਕ ਦੀਆਂ ਲੜਕੀਆਂ ਲਈ ਮੁਫ਼ਤ ਇਲਾਜ, ਸਕੂਲਾਂ ਵਿੱਚ ਬੱਚੀਆਂ ਨੂੰ ਸੈਨਟਰੀ ਪੈਡ ਸਕੀਮ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਪ੍ਰਿੰਸੀਪਲ ਸੱਚਦੇਵਾ ਨੇ ਬੱਚੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਕੇ ਕਾਮਯਾਬ ਹੋਣ ਲਈ ਸਿੱਖਿਆ ਦਿੱਤੀ ਅਤੇ ਕਿਹਾ ਕਿ ਅਸੀ ਸਮਾਜ ਵਿੱਚ ਵੱਖ-ਵੱਖ ਖੇਤਰਾਂ ਵਿੱਚ ਲੜਕੀਆਂ ਵੱਲੋਂ ਪ੍ਰਾਪਤ ਉਪਲੱਬਧੀਆਂ ਲਈ ਸਲਾਮ ਕਰਦੇ ਹਾਂ।
Author: Abohar Live