Abohar NewsJobs & CareerPunjab News

1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ ਜਸ਼ਨਾਂ ਦੀ ਲੜੀ ਵਿਚ ਫਾਜ਼ਿਲਕਾ ਵਿਖੇ ਵਿਜੈ ਦਿਵਸ ਪ੍ਰੇਡ ਕਰਵਾਈ

ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਗੁੰਜਿਆ ਫਾਜ਼ਿਲਕਾ ਦਾ ਅਸਮਾਨ

ਅਬੋਹਰ ਲਾਈਵ:1971 ਦੀ ਭਾਰਤ-ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਨੂੰ ਯਾਦ ਕਰਦਿਆਂ ਫਾਜ਼ਿਲਕਾ ਵਿਖੇ ਵਿਜੈ ਪਰੇਡ ਦਾ ਆਯੋਜਨ ਕੀਤਾ ਗਿਆ। ਸ਼ਹੀਦੀ ਸਮਾਰਕ ਕਮੇਟੀ ਆਸਫਵਾਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਦੇ ਸਹਿਯੋਗ ਨਾਲ ਵਿਜੈ ਦਿਵਸ ਨੂੰ ਸਮਰਪਿਤ ਕਰਵਾਈ। ਇਹ ਵਿਕਟਰੀ ਪਰੇਡ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਸ਼ਹੀਦ ਭਗਤ ਸਿੰਘ ਮਾਰਕਿਟ ਤੋਂ ਸ਼ੁਰੂ ਹੋ ਕਿ ਸੰਜੀਵ ਸਿਨੇਮਾ ਚੌਂਕ, ਗਊਸ਼ਾਲਾ ਰੋਡ, ਸਾਈਕਲ ਬਾਜ਼ਾਰ, ਸ਼ਾਸਤਰੀ ਚੌਂਕ ਤੋਂ ਹੁੰਦੀ ਹੋਈ ਘੰਟਾ ਘਰ ਵਿਖੇ ਸਮਾਪਤ ਹੋਈ। ਇਸ ਨੂੰ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਅਤੇ ਐੱਸ.ਐੱਸ.ਪੀ ਵਰਿੰਦਰ ਸਿੰਘ ਨੇ ਰਵਾਨਾਂ ਕੀਤਾ। ਵਿਜੈ ਪਰੇਡ ਵਿਚ ਸ਼ਾਮਿਲ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਪਰੇਡ ਵਿਚ ਸ਼ਾਮਿਲ ਹੋਣ ਹਾਏ 1971 ਦੀ ਜੰਗ ਦੇ ਸਾਬਕਾ ਸੈਨਿਕਾਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ 1971 ਦੀ ਭਾਰਤ-ਪਾਕਿ ਜੰਗ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਸ਼ਹੀਦਾਂ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹਨ। ਵਿਕਟਰੀ ਪਰੇਡ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ 1971 ਦੀ ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾ ਕਰਕੇ ਸਨਮਾਨਿਤ ਕੀਤਾ ਗਿਆ। ਪਰੇਡ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਗਏ। ਆਰਮੀ ਬੈਂਡ ਦੇ ਜਵਾਨਾਂ ਅਤੇ ਸਕੂਲ ਵਿਦਿਆਰਥੀਆਂ ਵੱਲੋਂ ਵਿਸ਼ੇਸ ਤੌਰ ‘ਤੇ ਦੇਸ਼ ਭਗਤੀ ਦੇ ਗੀਤਾਂ ਦੀਆਂ ਧੁਨਾਂ ਨਾਲ ਸ਼ਹੀਦ ਸੈਨਿਕਾਂ ਦੀ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਘੰਟਾ ਘਰ ਚੌਕ ਵਿੱਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੇ ਰੂਪ ਵਿੱਚ ਇਹ ਪ੍ਰੇਡ ਸੰਪੰਨ ਹੋਈ। ਇੱਥੇ ਬ੍ਰੀਗੇਡੀਅਰ ਸੁਸ਼ੀਲ ਚਾਂਦਵਾਨੀ  ਅਤੇ ਕਰਨਲ ਰਿਟਾ. ਐੱਮ.ਐੱਸ ਗਿੱਲ ਨੇ ਸੰਬੋਧਨ ਕੀਤਾ। ਐੱਮ.ਐੱਸ ਗਿੱਲ ਨੇ 1971 ਦੀਆਂ ਯਾਦਾਂ ਸ਼ਹਿਰ ਵਾਸੀਆਂ ਨਾਲ ਸਾਂਝੀਆਂ ਕੀਤੀਆਂ। ਸਕੂਲ ਆਫ ਐਮੀਨੈਂਸ ਫਾਜ਼ਿਲਕਾ ਦੇ ਬੱਚਿਆਂ ਨੇ ਭੰਗੜੇ ਦੀ ਪੇਸ਼ਕਾਰੀ ਦਿੱਤੀ। ਸਾਬਕਾ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਉਤਸ਼ਾਹ ਨਾਲ ਇਸ ਪ੍ਰੇਡ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਫੁੱਲਾਂ ਨਾਲ ਸਜੀਆਂ ਆਰਮੀ ਦੀਆਂ ਖੁੱਲੀਆਂ ਜੀਪਾਂ ਵਿੱਚ ਬਿਠਾ ਕੇ ਇਸ ਪ੍ਰੇਡ ਵਿੱਚ ਭਾਗ ਲਿਆ। ਪ੍ਰੋਗਰਾਮ ਦੀ ਸਫਲਤਾ ਲਈ ਸ਼ਹੀਦੋਂ ਕੀ ਸਮਾਧੀ ਕਮੇਟੀ ਦੇ ਪ੍ਰਧਾਨ ਸ਼੍ਰੀ ਸੰਦੀਪ ਗਿਲਹੋਤਰਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਾਜ਼ਿਲਕਾ ਨੂੰ ਆਪਣੀ ਮਹਾਨ ਸੈਨਾ ਤੇ ਮਾਣ ਹੈ। ਇਸ ਮੌਕੇ ਏ.ਡੀ.ਸੀ ਸ਼੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ ਸ਼੍ਰੀ ਕੰਵਰਜੀਤ ਸਿੰਘ ਮਾਨ, ਸ਼੍ਰੀ ਪ੍ਰਫੂਲ ਨਾਗਪਾਲ, ਸ਼ਸ਼ੀ ਕਾਂਤ, ਭਾਰਤੀ ਸੈਨਾ ਜਵਾਨਾਂ ਤੋਂ ਇਲਾਵਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਤੇ ਸ਼ਹਿਰ ਦੇ ਪਤਵੰਤੇ ਸੱਜਨ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।

Author: Abohar Live

Related Articles

Leave a Reply

Your email address will not be published. Required fields are marked *

Back to top button