ਫਾਜ਼ਿਲਕਾ ਵਿਖੇ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲਹਿਰਾਇਆ ਤਿਰੰਗਾ
-ਸ਼ਹੀਦਾਂ ਦੀ ਸਮਾਧੀ ਆਸਫਵਾਲਾ ਲਈ 10 ਲੱਖ ਦੀ ਗ੍ਰਾਂਟ ਦੀ ਦੇਣ ਦਾ ਕੀਤਾ ਐਲਾਣ

ਅਬੋਹਰ: 76ਵੇਂ ਗਣਤੰਤਰ ਦਿਵਸ ਮੌਕੇ ਇੱਥੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਲਾਲਜੀਤ ਸਿੰਘ ਭੁੱਲਰ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਏ ਇਸ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਦੇਸ਼ ਦੀ ਅਜਾਦੀ ਲਈ ਲੜਨ ਵਾਲੇ ਸੁੰਤਤਰਤਾ ਸੈਨਾਣੀਆਂ ਨੂੰ ਨਮਨ ਕੀਤਾ ਉਥੇ ਹੀ ਉਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਆਪਾਂ ਵਾਰਨ ਵਾਲੇ ਸ਼ਹੀਦਾਂ ਨੂੰ ਵੀ ਸਿਜਦਾ ਕੀਤਾ। ਉਨ੍ਹਾਂ ਨੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਦਕਰ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਇਸ ਮੌਕੇ ਯਾਦ ਕੀਤਾ। ਟਰਾਂਸਪੋਰਟ ਅਤੇ ਜੇਲ੍ਹਾਂ ਵਿਭਾਗ ਦੇ ਕੈਬਨਿਟ ਵਜੀਰ ਸ਼੍ਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਮੌਕੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸੇਸ਼ ਤੌਰ ਤੇ ਜਿਕਰ ਕੀਤਾ ਜਿੰਨ੍ਹਾਂ ਰਾਹੀਂ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸਕੰਲਪ ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਵੀ ਦ੍ਰਿੜ੍ਹ ਸੰਕਲਪਤ ਹੈ। ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ। ਸਰਕਾਰ ਨੇ ਸੂਬੇ ਦੇ ਆਜ਼ਾਦੀ ਘੁਲਾਟੀਆਂ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ 9400 ਤੋਂ ਵਧਾ ਕੇ 11 ਹਜ਼ਾਰ ਰੁਪਏ ਕਰ ਦਿੱਤੀ ਹੈ।ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਕਰੀਬ 34 ਮਹੀਨਿਆਂ ਦੌਰਾਨ 50 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਉਂਦਿਆਂ ਸਰਕਾਰ ਨੇ ਹੁਣ ਤੱਕ 881 ਆਮ ਆਦਮੀ ਕਲੀਨਿਕ ਚਲਾ ਦਿੱਤੇ ਹਨ, ਜਿੱਥੇ ਰੋਜ਼ਾਨਾ ਲੱਖਾਂ ਲੋਕ ਮੁਫਤ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ 26 ਆਮ ਆਦਮੀ ਕਲੀਨਿਕ ਹਨ। ਹੁਣ ਤੱਕ 812182 ਮਰੀਜਾਂ ਨੇ ਇੰਨ੍ਹਾਂ ਕੇਂਦਰਾਂ ਨੇ ਇਲਾਜ ਕਰਵਾਇਆ ਹੈ। ਫਾਜ਼ਿਲਕਾ ਵਿਖੇ ਕੈਂਸਰ ਹਸਪਤਾਲ ਵੀ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਓਪੀਡੀ ਸ਼ੁਰੂ ਹੋ ਗਈ ਹੈ। ਡਾਇਲਸਿਸ ਦੀ ਮੁਫ਼ਤ ਸਹੁਲਤ ਵੀ ਜ਼ਿਲ੍ਹਾ ਹਸਪਤਾਲ ਵਿੱਚ ਸ਼ੁਰੂ ਹੋਈ ਹੈ। ਕਿਟ੍ਰਿਕਲ ਕੇਅਰ ਯੂਨਿਟ ਦਾ ਵੀ ਫਾਜ਼ਿਲਕਾ ਵਿਖੇ ਨਿਰਮਾਣ ਕੀਤਾ ਜਾ ਰਿਹਾ ਹੈ।ਮਦਰ ਚਾਇਲਡ ਹਸਪਤਾਲ ਵੀ ਜਲਦ ਫਾਜ਼ਿਲਕਾ ਵਿਖੇ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਵੀ ਸਾਡੀ ਸਰਕਾਰ ਨੇ ਨਵੇਂ ਮੁਕਾਮ ਹਾਸਲ ਕੀਤੇ ਹਨ। ਫਾ਼ਜਿਲਕਾ ਜ਼ਿਲ੍ਹੇ ਦੇ ਬੱਲੂਆਣਾ ਹਲਕੇ ਵਿੱਚ ਪੰਜਾਬ ਸਰਕਾਰ ਨੇ 15 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸਰਕਾਰੀ ਕਾਲਜ ਬਣਾਇਆ ਹੈ। ਜ਼ਿਲ੍ਹੇ ਵਿੱਚ 4 ਸਕੂਲ ਆਫ ਐਮੀਨੈਂਸ ਬਣਾਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ 150 ਕਿਲੋਮੀਟਰ ਲੰਬੀ ਮਾਲਵਾ ਨਹਿਰ ਕੱਢਣ ਦਾ ਵੱਡਾ ਫੈਸਲਾ ਕੀਤਾ ਹੈ। ਮਾਲਵਾ ਨਹਿਰ ਪ੍ਰਾਜੈਕਟ ਦੇ ਨਿਰਮਾਣ ਦੀ ਇਤਿਹਾਸਕ ਪਹਿਲਕਦਮੀ ਮਾਲਵਾ ਖੇਤਰ ਵਿੱਚ ਸਿੰਜਾਈ ਸਹੂਲਤਾਂ ਸਬੰਧੀ ਕ੍ਰਾਂਤੀ ਲਿਆਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਵਿੱਚ 7 ਕਰੋੜ ਨਾਲ ਨਿਊ ਤਰਮਾਲਾ ਲਿੰਕ ਚੈਨਲ ਨੂੰ ਪੱਕਾ ਕੀਤਾ ਜਾ ਰਿਹਾ ਹੈ। ਇਸੇ ਤਰਾਂ 4.5 ਕਰੋੜ ਨਾਲ ਬਾਂਡੀਵਾਲਾ ਡਿਸਟ੍ਰੀਬਿਊਟਰੀ, 2.70 ਕਰੋੜ ਨਾਲ ਖਿਓਵਾਲੀ ਡਿਸਟ੍ਰੀਬਿਊਟਰੀ, 1.8 ਕਰੋੜ ਨਾਲ ਲੱਖੇਵਾਲੀ ਡਿਸਟ੍ਰੀਬਿਊਟਰੀ, 1.7 ਕਰੋੜ ਨਾਲ ਕਬੂਲ ਸ਼ਾਹ ਡਿਸਟ੍ਰੀਬਿਊਟਰੀ, 2 ਕਰੋੜ ਨਾਲ ਅਬੋਹਰ ਮਾਈਨਰ ਅਤੇ 2 ਕਰੋੜ ਨਾਲ ਜੰਡਵਾਲਾ ਲਿੰਕ ਚੈਨਲ ਨਹਿਰ ਨੂੰ ਪੱਕਿਆ ਕੀਤਾ ਜਾ ਰਿਹਾ ਹੈ। ਟਰਾਂਸਪੋਰਟ ਸੈਕਟਰ ਦੀ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੂਬੇ ਵਿੱਚ ਕੁਸ਼ਲ ਜਨਤਕ ਆਵਾਜਾਈ ਪ੍ਰਦਾਨ ਕਰਨ ਲਈ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਅੰਮ੍ਰਿਤਸਰ ਲਈ 100, ਜਲੰਧਰ ਲਈ 97, ਲੁਧਿਆਣਾ ਲਈ 100 ਅਤੇ ਪਟਿਆਲਾ ਲਈ 50 ਈ ਬੱਸਾਂ ਖਰੀਦੀਆਂ ਜਾ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਜਨਵਰੀ ਤੋਂ ਦਸੰਬਰ 2024 ਤੱਕ ਸੂਬੇ ਦੀਆਂ ਮਹਿਲਾਵਾਂ ਨੇ 14.88 ਕਰੋੜ ਮੁਫ਼ਤ ਬੱਸ ਸਫ਼ਰ ਕੀਤੇ ਜਿਸ ‘ਤੇ 726.19 ਕਰੋੜ ਖਰਚ ਹੋਏ ਅਤੇ ਇਹ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ।ਇਸ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਨੇ ਸਾਲ 2024-25 ਦੌਰਾਨ 1274.46 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ 55 ਸਮਾਰਟ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 38 ਸੇਵਾਵਾਂ ਪੂਰੀ ਤਰ੍ਹਾਂ ਆਨਲਾਈਨ ਉਪਲੱਬਧ ਹਨ। ਇਸੇ ਤਰਾਂ ਜ਼ੇਲ੍ਹ ਵਿਭਾਗ ਦੇ ਵਿਸ਼ੇ ਵਿੱਚ ਬੋਲਦਿਆਂ ਸ਼੍ਰੀ ਭੁੱਲਰ ਨੇ ਕਿਹਾ ਕਿ ਲੁਧਿਆਣਾ ਦੇ ਨੇੜੇ 50 ਏਕੜ ਵਿੱਚ ਗੰਭੀਰ ਅਪਰਾਧਾਂ ਵਾਲੇ 300 ਖ਼ਤਰਨਾਕ ਕੈਦੀਆਂ ਲਈ ਉੱਚ ਸੁਰੱਖਿਆ ਜੇਲ੍ਹ ਸਥਾਪਤ ਕੀਤੀ ਜਾ ਰਹੀ ਹੈ, ਜੋ ਨਿਰਮਾਣ ਅਧੀਨ ਹੈ। ਕੇਂਦਰੀ ਜੇਲ੍ਹ ਬਠਿੰਡਾ ਵਿੱਚ ਵੀ-ਕਵਚ ਜੈਮਰਜ਼ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਉਪਰੰਤ ਹੋਰ 12 ਸੰਵੇਦਨਸ਼ੀਲ ਜੇਲ੍ਹਾਂ ਵਿੱਚ ਇਸ ਨੂੰ ਸਥਾਪਤ ਕਰਨ ਦੀ ਪ੍ਰਕਿਰਿਆ ਜਾਰੀ ਹੈ। ਨਾਭਾ ਵਿਖੇ ਉੱਚ ਸੁਰੱਖਿਆ ਜੇਲ੍ਹ ਨਵੀਨੀਕਰਨ ਅਧੀਨ ਹੈ ਅਤੇ ਜਲਦ ਹੀ ਅਤਿ-ਆਧੁਨਿਕ ਸੁਰੱਖਿਆ ਬੁਨਿਆਦੀ ਢਾਂਚੇ ਨਾਲ ਉਪਲਬਧ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਤੇ ਵਕੀਲਾਂ ਨਾਲ ਗੱਲਬਾਤ ਕਰਨ ਦੀ ਸਹੂਲਤ ਦੇਣ ਲਈ ਅਤੇ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਮੋਬਾਈਲਾਂ ਨੂੰ ਵਰਤਣ ਦੀ ਕੋਸ਼ਿਸ਼ ਕਰਨ ਤੋਂ ਰੋਕਣ ਲਈ ਜੇਲ੍ਹਾਂ ਵਿੱਚ ਲਗਭਗ 800 ਜੇਲ੍ਹ ਇਨਮੇਟ ਕਾਲਿੰਗ ਪ੍ਰਣਾਲੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਜੇਲ੍ਹ ਵਿਭਾਗ ਦੇ “ਸਿੱਖਿਆ ਦਾਤ ਪ੍ਰੋਜੈਕਟ” ਦੀ ਗੱਲ ਕਰਦਿਆਂ ਕਿਹਾ ਕਿ ਇਸ ਅਧੀਨ ਲਗਭਗ 2200 ਕੈਦੀਆਂ ਨੇ ਵੱਖ-ਵੱਖ ਵਿਦਿਅਕ ਕੋਰਸਾਂ ਵਿੱਚ ਦਾਖ਼ਲਾ ਲਿਆ। ਪੰਜਾਬ ਹੁਨਰ ਵਿਕਾਸ ਮਿਸ਼ਨ ਦੁਆਰਾ ਦਸੰਬਰ 2024 ਵਿੱਚ ਸ਼ੁਰੂ ਕੀਤੇ ਵੱਖ-ਵੱਖ ਹੁਨਰ ਵਿਕਾਸ ਕੋਰਸਾਂ (ਇਲੈਕਟਰੀਸ਼ੀਅਨ, ਪਲੰਬਰ, ਟੇਲਰ ਅਤੇ ਸਿਲਾਈ ਮਸ਼ੀਨ ਆਪਰੇਟਰ) ਤਹਿਤ 513 ਕੈਦੀਆਂ ਨੂੰ ਦਾਖ਼ਲ ਕੀਤਾ ਗਿਆ। 15 ਜੇ.ਬੀ.ਟੀ. ਅਧਿਆਪਕਾਂ ਨੂੰ , ਪੜ੍ਹਾਈ ਦੇ ਚਾਹਵਾਨ ਕੈਦੀਆਂ ਨੂੰ ਪੜ੍ਹਾਉਣ ਲਈ ਵੱਖ-ਵੱਖ ਜੇਲ੍ਹਾਂ ਵਿੱਚ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰੇਡ ਕਮਾਂਡਰ ਡੀਐੱਸਪੀ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਟੁਕੜੀਆਂ ਨੇ ਪ੍ਰੇਡ ਵਿੱਚ ਭਾਗ ਲਿਆ। ਵੱਖ ਵੱਖ ਸਕੂਲਾਂ ਵੱਲੋਂ ਦੇਸ਼ ਭਗਤੀ ਅਤੇ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਵੱਖ ਵੱਖ ਖੇਤਰਾਂ ਵਿੱਚ ਚੰਗੀ ਕਾਰਗੁਜਾਰੀ ਵਿਖਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਵੱਖ ਵੱਖ ਵਿਭਾਗਾਂ ਵੱਲੋਂ ਝਾਂਕੀਆਂ ਵੀ ਕੱਢੀਆਂ ਗਈਆਂ। ਇਸ ਮੌਕੇ ਵਿਧਾਇਕ ਫਾਜ਼ਿਲਕਾ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ, ਵਿਧਾਇਕ ਬਲੂਆਣਾ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਸਾਬਕਾ ਵਿਧਾਇਕ ਅਰੁਨ ਨਾਰੰਗ, ਜ਼ਿਲ੍ਹਾ ਤੇ ਸੈਸ਼ਨ ਜੱਜ ਸ: ਅਵਤਾਰ ਸਿੰਘ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਡੀ.ਆਈ.ਜੀ. ਕਮਾਂਡੋ ਪੰਜਾਬ ਸ਼੍ਰੀ ਐੱਸ.ਕੇ. ਰਾਮਪਾਲ, ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ, ਖੁਸ਼ਬੂ ਸਾਵਨਸੁਖਾ ਸਵਨਾ ਤਹਿਸੀਲਦਾਰ ਨਵਜੀਨ ਛਾਬੜਾ, ਡਿਪਟੀ ਡੀ ਈ. ਓ ਪੰਕਜ ਅੰਗੀ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਸੱਜਣ ਮੌਜੂਦ ਸਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ਼੍ਰੀ ਲਾਲਜੀਤ ਸਿੰਘ ਭੁੱਲਰ ਨੇ ਸ਼ਹੀਦਾਂ ਦੀ ਸਮਾਧ ਆਸਫਵਾਲਾ ਵਿਖੇ ਜਾ ਕੇ 1971 ਦੀ ਭਾਰਤ ਪਾਕਿ ਜੰਗ ਦੇ ਸ਼ਹੀਦਾਂ ਨੂੰ ਨਮਨ ਕੀਤਾ। ਇੱਥੇ ਉਨ੍ਹਾਂ ਨੂੰ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਇਸ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਸ਼ਹੀਦਾਂ ਦੀ ਸਮਾਧੀ ਲਈ 10 ਲੱਖ ਰੁਪਏ ਦੀ ਗ੍ਰਾਂਟ ਵੀ ਆਪਣੇ ਅਖਤਿਆਰੀ ਕੋਟੇ ਵਿਚੋਂ ਦੇਣ ਦਾ ਐਲਾਣ ਕੀਤਾ। ਇੱਥੇ ਵਿਧਾਇਕ ਫਾਜ਼ਿਲਕਾ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ, ਵਿਧਾਇਕ ਬਲੂਆਣਾ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾੜ ਤੋਂ ਇਲਾਵਾ ਸ਼ਹੀਦਾਂ ਦੀ ਸਮਾਧੀ ਕਮੇਟੀ ਦੇ ਅਹੁਦੇਦਾਰ ਸ਼੍ਰੀ ਸਸ਼ੀਕਾਂਤ, ਸ਼੍ਰੀ ਪ੍ਰਫੁਲ ਚੰਦਰ ਨਾਗਪਾਲ ਆਦਿ ਵੀ ਹਾਜਰ ਸਨ।