ਅੰਮ੍ਰਿਤ ਮਾਡਲ ਸਕੂਲ ਅਤੇ ਸਰਕਾਰੀ ਕਾਲਜ ਅਬੋਹਰ ਵਿੱਚ ਮਨਾਇਆ ਗਿਆ ਤਹਿਸੀਲ ਪੱਧਰੀ ਰਾਸਟਰੀ ਵੋਟਰ ਦਿਵਸ

ਅਬੋਹਰ: ਹਲਕਾ 81-ਅਬੋਹਰ ਦਾ ਰਾਸ਼ਟਰੀ ਵੋਟਰ ਦਿਵਸ ਬੜੇ ਉਤਸਾਹ ਅਤੇ ਖੁਸ਼ੀ ਨਾਲ ਅੰਮ੍ਰਿਤ ਮਾਡਲ ਸਕੂਲ ਅਬੋਹਰ ਅਤੇ ਸਰਕਾਰੀ ਕਾਲਜ ਅਬੋਹਰ ਵਿੱਚ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਵੋਟ ਦੀ ਮਹੱਤਤਾ ਦੇ ਨਾਲ ਨਾਲ ਗਣਤੰਤਰ ਵਿੱਚ ਚੋਣ ਪ੍ਰਕਿਰਿਆ ਅਤੇ ਵੋਟ ਦੇ ਅਧਿਕਾਰ ਦੀ ਮੱਹਤਤਾ ਤੇ ਵਿਸਤਾਰਿਤ ਚਾਨਣਾ ਪਾਇਆ ਗਿਆ। ਇਸ ਸਮਾਗਮ ਵਿੱਚ ਅਬੋਹਰ ਦੇ ਐੱਸ.ਡੀ.ਐੱਮ ਸ਼੍ਰੀ ਕ੍ਰਿਸ਼ਨਾ ਪਾਲ ਰਾਜਪੂਤ (ਆਈ.ਏ.ਐਸ.) ਨੇ ਵੀ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪਹਿਲੀ ਕੜੀ ਵਿੱਚ ਅੰਮ੍ਰਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਆਪਣੇ ਹੁਨਰ ਪੇਟਿੰਗ, ਸਲੋਗਨ ਅਤੇ ਭਾਸਣ ਮੁਕਾਬਲੇ ਵਿੱਚ ਦਿਖਾਏ। ਦੂਸਰੇ ਤਹਿਸੀਲ ਪੱਧਰੀ ਸਮਾਗਮ ਦਾ ਆਯੋਜਨ ਸਰਕਾਰੀ ਕਾਲਜ ਅਬੋਹਰ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਬੱਚਿਆਂ ਨੇ ਨਿੰਬਧ ਮੁਕਾਬਲੇ, ਸਲੋਗਨ, ਕਵਿਤਾ ਉਚਾਰਣ ਮੁਕਾਬਲੇ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਆਪਣਾ ਪ੍ਰਦਰਸ਼ਨ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ ਵੱਲੋਂ ਬੱਚਿਆਂ ਨੂੰ ਗਣਤੰਤਰ ਵਿੱਚ ਵੋਟ ਦੀ ਤਾਕਤ ਤੇ ਵਿਸਤਾਰਿਤ ਗਿਆਨ ਦਿੰਦੇ ਹੋਏ ਵੱਧ ਤੋਂ ਵੋਟਾਂ ਬਣਵਾਉਣ ਤੇ ਪਾਉਣ ਦਾ ਸੱਦਾ ਦਿੱਤਾ ਅਤੇ ਨੌਜਵਾਨ ਲੜਕੇ ਲੜਕੀਆਂ ਨੂੰ ਵੱਧ ਤੋਂ ਵੱਧ ਵੋਟ ਬਣਵਾਉਣ ਅਤੇ ਖੁੱਦ ਵੋਟ ਪਾਉਣ ਦੇ ਨਾਲ-ਨਾਲ ਸਮਾਜ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਕੈਰੀਅਰ ਵਿੱਚ ਪ੍ਰਗਤੀ ਲਈ ਟਿਪਸ ਦਿੱਤੇ ਅਤੇ ਉਹਨਾਂ ਨੂੰ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਦੇ ਅਹੁਦੇ ਤੇ ਪਹੁੰਚਣ ਲਈ ਸਖਤ ਮਿਹਨਤ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਅੰਮ੍ਰਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਖੀ ਸ਼੍ਰੀ ਸੁਨੀਤ ਕਾਲੜਾ ਅਤੇ ਸਰਕਾਰੀ ਕਾਲਜ ਅਬੋਹਰ ਦੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਨੂੰ ਵੀ ਸਨਮਾਨਿਤ ਕੀਤਾ। ਇਸ ਸਮੇਂ ਚੋਣ ਦਫਤਰ ਤੋਂ ਇੰਚਾਰਜ ਰਾਜ ਕੁਮਾਰ, ਡੈਡੀਕੇਟਿਡ ਏ.ਈ.ਆਰ.ਓ.ਅਜੇ ਕੁਮਾਰ ਛਾਬੜਾ, ਪ੍ਰਜੈਕਟ ਇੰਚਾਰਜ ਪਵਨ ਕੁਮਾਰ, ਮਨੀਸ਼ ਕੁਮਾਰ, ਸੁਰਿੰਦਰ ਨਾਗਪਾਲ, ਰਾਜਿੰਦਰ ਬਰਾੜ, ਗੁਰਪ੍ਰੀਤ ਸਿੰਘ, ਰਾਕੇਸ਼ ਨਾਗਪਾਲ ਮੌਜੂਦ ਸਨ। ਇਸ ਮੌਕੇ ਮੰਚ ਸੰਚਾਲਨ ਪ੍ਰੋ. ਪ੍ਰਦੀਪ ਸਿੰਘ ਨੇ ਕੀਤਾ।