ਗਣਤੰਤਰ ਦਿਵਸ ਦੇ ਮੱਦੇਨਜ਼ਰ ਸੱਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਹੋਈ, SDM ਫਾਜ਼ਿਲਕਾ ਨੇ ਰਿਹਰਸਲ ਦਾ ਲਿਆ ਜਾਇਜਾ, ਇੰਚਾਰਜਾਂ ਨੂੰ ਦਿੱਤੇ ਲੋੜੀਂਦੇ ਸੁਝਾਅ
ਅਬੋਹਰ: 26 ਜਨਵਰੀ ਨੂੰ ਗਣਤੰਤਰ ਦਿਵਸ ਦੌਰਾਨ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਡੀ.ਸੀ.ਡੀ.ਏ.ਵੀ ਸਕੂਲ ਫਾਜ਼ਿਲਕਾ ਵਿਖੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਦੌਰਾਨ ਐੱਸ.ਡੀ.ਐੱਮ ਫਾਜ਼ਿਲਕਾ ਸ਼੍ਰੀ ਕੰਵਰਜੀਤ ਸਿੰਘ ਮਾਨ ਨੇ ਜਿੱਥੇ ਹਰੇਕ ਆਈਟਮ ਦਾ ਜਾਇਜਾ ਲਿਆ, ਉੱਥੇ ਆਈਟਮ ਇੰਚਾਰਜਾਂ ਨੂੰ ਲੋੜੀਂਦੇ ਸੁਝਾਅ ਵੀ ਦਿੱਤੇ। ਐੱਸ.ਡੀ.ਐੱਮ ਕੰਵਰਜੀਤ ਸਿੰਘ ਨੇ ਦੱਸਿਆ ਕਿ 26 ਜਨਵਰੀ ਨੁੰ ਗਣਤੰਤਰ ਦਿਵਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਦੇਸ਼ ਭਗਤੀ ਨਾਲ ਭਰਪੂਰ ਹੋਵੇ, ਇਸ ਲਈ ਵੱਖ-ਵੱਖ ਸਕੂਲਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਕੋਰੋਗ੍ਰਾਫੀਆਂ ਦੀ ਰਿਹਰਸਲ ਕਰਵਾਈ ਜਾ ਰਹੀ ਹੈ ਤਾਂ ਜੋ ਜ਼ਿਲ੍ਹਾ ਪੱਧਰੀ ਸਮਾਗਮ ਵਾਲੇ ਦਿਨ ਸੱਭਿਆਚਾਰਕ ਪ੍ਰੋਗਰਾਮ ਵਿੱਚ ਕੋਈ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਰਿਹਰਸਲ ਕਰਵਾਉਣ ਦਾ ਮਕਸਦ ਹਰੇਕ ਭਾਗੀਦਾਰ ਅੰਦਰ ਇਸ ਸਮਾਗਮ ਨੂੰ ਲੈ ਕੇ ਪੂਰਾ ਜ਼ੋਸ਼ ਤੇ ਐਨਰਜੀ ਹੋਣੀ ਚਾਹੀਦੀ ਹੈ ਤਾਂ ਜੋ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਨੂੰ ਦੇਸ਼ਭਗਤੀ ਨਾਲ ਲਬਰੇਜ਼ ਕੀਤਾ ਜਾ ਸਕੇ। ਰਿਹਰਸਲ ਦੋਰਾਨ ਸਰਵ ਹਿੱਤਕਾਰੀ ਸਕੂਲ, ਅਕਾਲ ਅਕੈਡਮੀ ਥੇਹਕਲੰਦਰ, ਹੋਲੀ ਹਾਰਟ ਸਕੂਲ, ਜੀ.ਏ.ਵੀ ਜੈਨ, ਆਤਮ ਵੱਲਭ ਸਕੂਲ, ਸਰਕਾਰੀ ਸਕੂਲ ਕੰਨਿਆ ਫਾਜਿਲਕਾ ਤੇ ਵੱਖ-ਵੱਖ ਸਕੂਲਾਂ ਦੀਆਂ ਭੰਗੜੇ ਦੀਆਂ ਟੀਮਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਤਹਿਸੀਲਦਾਰ ਨਵਜੀਵਨ ਛਾਬੜਾ, ਡਿਪਟੀ ਡੀ.ਈ.ਓ ਪੰਕਜ ਅੰਗੀ, ਪ੍ਰਿੰਸੀਪਲ ਰਜਿੰਦਰ ਵਿਖੋਣਾ, ਸਤਿੰਦਰ ਬੱਤਰਾ, ਗੁਰਛਿੰਦਰ ਪਾਲ ਸਿੰਘ, ਵਿਜੈ ਪਾਲ, ਰਾਧੇ ਸ਼ਿਆਮ, ਪ੍ਰਿੰਸੀਪਲ ਮਨੀ, ਪ੍ਰਿੰਸੀਪਲ ਸਮ੍ਰਿਤੀ ਕਟਾਰੀਆ, ਮੈਡਮ ਜਯੌਤੀ ਆਦਿ ਮੌਜੂਦ ਸਨ।