Abohar NewsJobs & CareerPunjab News

ਜ਼ਿਲ੍ਹਾ ਪੱਧਰੀ ਨਿਰਯਾਤ ਪ੍ਰੋਤਸਾਹਨ ਕਮੇਟੀ ਦੀ ਹੋਈ ਬੈਠਕ ਦੌਰਾਨ ਕਿਨੂੰ, ਬਾਸਮਤੀ ਤੇ ਹੋਰ ਉਤਪਾਦਾਂ ਦੇ ਨਿਰਯਾਤਕਾਂ ਨੂੰ ਸਰਕਾਰ ਦੀਆਂ ਨਿਰਯਾਤ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਸਕੀਮਾਂ ਸੰਬੰਧੀ ਦਿੱਤੀ ਗਈ ਜਾਣਕਾਰੀ

ਅਬੋਹਰ: ਜਿਲ੍ਹੇ ਵਿੱਚ ਕਿੰਨੂ, ਬਾਸਮਤੀ ਅਤੇ ਹੋਰ ਉਤਪਾਦਾਂ ਦੇ ਨਿਰਯਾਤ ਸੰਬੰਧੀ ਨਿਰਯਾਤਕਾਂ ਨੂੰ ਸਰਕਾਰੀ ਨਿਯਮਾਂ ਅਤੇ ਸਕੀਮਾਂ ਪ੍ਰਤੀ ਜ਼ਿਲ੍ਹਾ ਪੱਧਰੀ ਨਿਰਯਾਤ ਪ੍ਰੋਤਸਹਾਨ ਕਮੇਟੀ ਦੀ ਬੈਠਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਤੋਂ ਬਾਸਮਤੀ ਅਤੇ ਕਿੰਨੂ ਪ੍ਰਮੁੱਖ ਰੂਪ ਨਾਲ ਨਿਰਯਾਤ ਕੀਤੇ ਜਾਂਦੇ ਹਨ ਅਤੇ ਸਰਕਾਰ ਵੱਲੋਂ ਨਿਰਯਾਤ ਨੂੰ ਹੋਰ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਸਾਡੇ ਨਿਰਯਾਤਕਾਂ ਨੂੰ ਸਰਕਾਰ ਦੀਆਂ ਇਹਨਾਂ ਸਕੀਮਾਂ ਸੰਬੰਧੀ ਜਾਗਰੂਕ ਕਰਨਾ ਹੈ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜੀ.ਐਮ ਸ਼੍ਰੀ ਜਸਵਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਨਿਰਯਾਤਕ ਇਸ ਸੰਬੰਧੀ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਨਿਰਯਾਤ ਨੂੰ ਵਧਾ ਸਕਦੇ ਹਨ। ਵਿਭਾਗ ਦੇ ਐੱਫ.ਐੱਮ ਨਿਰਵੈਰ ਸਿੰਘ ਨੇ ਇਸ ਮੌਕੇ ਸਾਰੇ ਨਿਰਯਾਤਕਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਡੀ.ਜੀ.ਐੱਫ.ਟੀ ਦੇ ਜੁਆਇੰਟ ਡਾਇਰੈਕਟਰ ਮਨਜੀਤ ਕੌਰ ਨੇ ਵਿਦੇਸ਼ੀ ਵਪਾਰ ਪੋਲਸੀ 2023 ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਜੇਕਰ ਕੋਈ ਉਦਯੋਗਪਤੀ ਨਿਰਯਾਤ ਲਈ ਸਮਾਨ ਤਿਆਰ ਕਰਨ ਲਈ ਮਸ਼ੀਨਾਂ ਮੰਗਵਾਉਂਦਾ ਹੈ ਤਾਂ ਉਸਨੂੰ ਡਿਊਟੀ ਮਾਫ ਕੀਤੀ ਜਾਂਦੀ ਹੈ ਪਰ ਜਿੰਨੀ ਡਿਊਟੀ ਮਾਫ ਕੀਤੀ ਜਾਂਦੀ ਹੈ ਉਸਦੇ ਛੇ ਗੁਣਾ ਨਿਰਯਾਤ ਉਸਨੇ ਆਉਣ ਵਾਲੇ ਛੇ ਸਾਲਾਂ ਵਿੱਚ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਉਦਯੋਗ ਐਕਸਪੋਰਟ ਕੀਤੇ ਜਾਣ ਵਾਲਾ ਸਮਾਨ ਤਿਆਰ ਕਰਨ ਲਈ ਕੋਈ ਕੱਚਾ ਮਾਲ ਬਾਹਰ ਤੋਂ ਮੰਗਵਾਉਂਦਾ ਹੈ ਤਾਂ ਉਸ ਨੂੰ ਵੀ ਛੋਟ ਮਿਲਦੀ ਹੈ। ਉਹਨਾਂ ਨੇ ਦੱਸਿਆ ਕਿ ਈ ਕਮਰਸ ਟਰੇਡ ਐਕਸਪੋਰਟ ਹੱਬ ਵੀ ਬਣਾਏ ਜਾ ਰਹੇ ਹਨ ਅਤੇ ਡਾਕ ਨਿਰਯਾਤ ਕੇਂਦਰਾਂ ਰਾਹੀਂ ਵੀ ਨਿਰਯਾਤਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਉਹਨਾਂ ਨੇ ਨਿਰਯਾਤ ਬੰਧੂ ਸਕੀਮ ਦੀ ਜਾਣਕਾਰੀ ਵੀ ਦਿੱਤੀ। ਫੈਡਰੇਸ਼ਨ ਆਫ ਇੰਡੀਅਨ ਐਕਸਪੋਟਰਸ ਤੋਂ ਵਿਨੇ ਸ਼ਰਮਾ ਨੇ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਕਸਪੋਰਟ ਕਰੈਡਿਟ ਗਰੰਟੀ ਕਾਰਪੋਰੇਸ਼ਨ ਦੀ ਸਕੀਮ ਤਹਿਤ ਨਿਰਿਯਾਤਕ ਨੂੰ ਪੈਸੇ ਡੁੱਬਣ ਤੋਂ ਗਰੰਟੀ ਮਿਲਦੀ ਹੈ। ਇਸੇ ਤਰ੍ਹਾਂ ਉਹਨਾਂ ਨੇ ਨਿਰਯਾਤਕਾਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਹ ਵਿਦੇਸ਼ ਵਿੱਚ ਆਪਣੇ ਖਰੀਦਦਾਰ ਲੱਭ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਸਰਕਾਰ ਦੀਆਂ ਸਕੀਮਾਂ ਸੰਬੰਧੀ ਫੈਡਰੇਸ਼ਨ ਵੈਬਸਾਈਟ ਵੀ ਹਨ ਅਤੇ ਵਿਦੇਸ਼ਾਂ ਵਿੱਚ ਭਾਰਤੀ ਸਫਾਰਤ ਖਾਨਿਆਂ ਵਿੱਚ ਵੀ ਕਮਰਸ਼ੀਅਲ ਟ੍ਰੇਡ ਵਿਭਾਗ ਬਣੇ ਹੋਏ ਹਨ ਜਿੱਥੋਂ ਵਪਾਰੀ ਆਪਣੇ ਉਤਪਾਦ ਲਈ ਸੰਬੰਧਿਤ ਦੇਸ਼ ਦੇ ਖਰੀਦ ਦਾਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹੇ ਦੇ ਉਦਯੋਗਪਤੀਆਂ ਅਤੇ ਨਿਰਯਾਤਕਾਂ ਤੋਂ ਇਲਾਵਾ ਸ਼੍ਰੀ ਅਜੈ ਸਿਡਾਨਾ, ਡਾ. ਮਮਤਾ ਲੂਣਾ, ਡਾ. ਸੋਪਤ ਸਹਾਰਣ ਵੀ ਹਾਜ਼ਿਰ ਸਨ।

Author: Abohar Live

Related Articles

Leave a Reply

Your email address will not be published. Required fields are marked *

Back to top button