ਆਜੀਵਿਕਾ ਮਿਸ਼ਨ ਵੱਲੋਂ ਲਗਾਏ ਗਏ ਲੋਨ ਮੇਲੇ ਦੌਰਾਨ 68 ਲੱਖ ਰੁਪਏ ਦੇ ਰਾਸ਼ੀ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕੀਤੀ- ਵਧੀਕ ਡਿਪਟੀ ਕਮਿਸ਼ਨਰ

ਅਬੋਹਰ: ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਬੈਂਕਾਂ ਦੇ ਸਹਿਯੋਗ ਨਾਲ ਲੋਨ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ 68 ਲੱਖ ਰੁਪਏ ਦੇ ਰਾਸ਼ੀ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਇਹਨਾਂ ਲੋਨ ਰਾਸ਼ੀਆਂ ਦਾ ਮੁੱਖ ਮਕਸਦ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਦਾ ਆਰਥਿਕ ਪੱਧਰ ਉੱਚਾ ਚੁੱਕਣਾ ਹੈ। ਇਸ ਰਾਸ਼ੀ ਨਾਲ ਇਹ ਔਰਤਾਂ ਗਰੁੱਪ ਵੱਲੋਂ ਕੋਈ ਕਾਰੋਬਾਰ ਕਰ ਸਕਣਗੀਆਂ, ਜਿਸ ਨਾਲ ਉਹਨਾਂ ਦਾ ਆਰਥਿਕ ਪੱਧਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਪੱਧਰ ਨੂੰ ਉਚਾ ਚੁੱਕਣ ਅਤੇ ਆਪਣੇ ਪੈਰਾਂ ਤੇ ਖੜ੍ਹੇ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਵੈ ਕਾਰੋਬਾਰ ਦੇ ਪੱਖੋਂ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਔਰਤਾਂ ਨੂੰ ਲੜਕਿਆਂ ਦੇ ਬਰਾਬਰ ਕੁਸ਼ਲ ਅਤੇ ਸਵੈ-ਨਿਰਭਰ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਰਾਸ਼ੀ ਦੀ ਮੱਦਦ ਨਾਲ ਆਪਣੇ ਹੁਨਰ ਤੇ ਕਲਾ ਨੂੰ ਰੋਜ਼ਗਾਰ ਦੇ ਮਾਧਿਅਮ ਨਾਲ ਪੇਸ਼ ਕਰ ਸਕਣਗੀਆਂ ਤੇ ਪਰਿਵਾਰ ਦਾ ਸਹਾਰਾ ਬਣਨਗੀਆਂ। ਇਸ ਮੌਕੇ ਜ਼ਿਲ੍ਹਾ ਇੰਚਾਰਜ ਆਜੀਵਿਕਾ ਸ਼੍ਰੀ ਸ਼ੁਭਮ ਕੁਮਾਰ, ਐੱਲ.ਡੀ.ਐੱਮ ਪੰਜਾਬ ਨੈਸ਼ਨਲ ਬੈਂਕ ਸ਼੍ਰੀ ਮਨੀਸ਼ ਕੁਮਾਰ, ਸਮੂਹ ਜ਼ਿਲ੍ਹਾ ਅਤੇ ਬਲਾਕ ਸਟਾਫ਼ ਅਤੇ ਗਰੁੱਪ ਮੈਂਬਰ ਹਾਜ਼ਿਰ ਰਹੇ।
Author: Abohar Live