ਆਮ ਹਾਲਾਤ ’ਚ ਜਾਨ ਗੁਆਉਣ ਵਾਲੇ 86 ਸੈਨਿਕਾਂ ਲਈ CM ਭਗਵੰਤ ਮਾਨ ਵੱਲੋਂ ਵੱਡਾ ਐਲਾਨ
ਅਬੋਹਰ ਲਾਈਵ: ਦੇਸ਼ ਦੀ ਸੇਵਾ ਕਰ ਰਹੇ ਬਹਾਦਰ ਸੈਨਿਕਾਂ ਦੇ ਸਨਮਾਨ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਹਾਲਾਤ ’ਚ ਜਾਨ ਗੁਆਉਣ ਵਾਲੇ ਹਥਿਆਰਬੰਦ ਬਲਾਂ ਦੇ 86 ਜਵਾਨਾਂ ਲਈ 21.50 ਕਰੋੜ ਰੁਪਏ (ਪ੍ਰਤੀ ਸੈਨਿਕ 25 ਲੱਖ ਰੁਪਏ) ਦੇ ਐਕਸ-ਗ੍ਰੇਸ਼ੀਆ ਨੂੰ ਮਨਜ਼ੂਰੀ ਦਿੱਤੀ। ਆਪਣੀ ਸਰਕਾਰੀ ਰਿਹਾਇਸ਼ ’ਤੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਨ੍ਹਾਂ ਬਹਾਦਰ ਸੈਨਿਕਾਂ ਦੇ ਵਡਮੁੱਲੇ ਯੋਗਦਾਨ ਦੇ ਸਤਿਕਾਰ ’ਚ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਐਕਸ-ਗ੍ਰੇਸ਼ੀਆ ਰਾਸ਼ੀ ਨੂੰ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹੀ ਕੋਈ ਵਿਵਸਥਾ ਨਹੀਂ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਇਹ ਪਹਿਲਕਦਮੀ ਕੀਤੀ ਹੈ ਕਿਉਂਕਿ ਇਹ ਬਹਾਦਰ ਯੋਧੇ ਡਿਊਟੀ ਦੌਰਾਨ ਜਾਨੀ ਨੁਕਸਾਨ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਇਕਲੌਤਾ ਸੂਬਾ ਹੈ, ਜਿਸ ਨੇ ਆਮ ਹਾਲਾਤਾਂ ’ਚ ਜਾਨ ਗੁਆਉਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਐਕਸ-ਗ੍ਰੇਸ਼ੀਆ ਵਜੋਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਦੇਸ਼ ਦੇ 70 ਫ਼ੀਸਦੀ ਹੋਰ ਸੂਬਿਆਂ ਵੱਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਂਦੀ ਐਕਸ-ਗ੍ਰੇਸ਼ੀਆ ਤੋਂ ਵੀ ਵੱਧ ਹੈ।
Author: Abohar Live