ਬੱਲੂਆਣਾ ਹਲਕੇ ਦੇ ਪਿੰਡ ਮੁੜ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਅਬੋਹਰ ਨਾਲ ਜੋੜੇ- ਅਮਨਦੀਪ ਸਿੰਘ ਗੋਲਡੀ ਮੁਸਾਫਿਰ

ਅਬੋਹਰ: ਵਿਧਾਨ ਸਭਾ ਹਲਕਾ ਬੱਲੂਆਣਾ ਦੇ ਵਿਧਾਇਕ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਨਹਿਰ ਮੰਡਲ ਦੀ ਤਬਦੀਲੀ ਦਾ ਮਾਮਲਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵਿਭਾਗ ਨੇ ਆਪਣੇ ਪੁਰਾਣੇ ਫੈਸਲੇ ਨੂੰ ਬਦਲ ਦਿੱਤਾ ਹੈ। ਹਲਕਾ ਵਿਧਾਇਕ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਹਲਕਾ ਬੱਲੂਆਣਾ ਵਾਸੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਜੋ ਪਿੰਡ ਪਿਛਲੇ ਸਮੇਂ ਦੌਰਾਨ ਨਹਿਰੀ ਡਿਵੀਜ਼ਨ ਗਿੱਦੜਬਾਹਾ ਨਾਲ ਜੋੜੇ ਗਏ ਸਨ ਉਹ ਹੁਣ ਵਾਪਿਸ ਅਬੋਹਰ ਕੈਨਾਲ ਡਿਵੀਜ਼ਨ ਵਿੱਚ ਜੋੜ ਦਿੱਤੇ ਗਏ ਹਨ। ਹੁਣ ਉਹਨਾਂ ਪਿੰਡਾ ਦੇ ਵਾਸੀਆਂ ਨੂੰ ਆਪਣੇ ਨਹਿਰੀ ਪਾਣੀ ਦੇ ਕੰਮ ਕਾਰ ਲਈ ਗਿੱਦੜਬਾਹਾ ਜਾਣ ਦੀ ਲੋੜ ਨਹੀਂ ਹੈ । ਉਨ੍ਹਾਂ ਦੇ ਕੰਮ ਹੁਣ ਅਬੋਹਰ ਕੈਨਾਲ ਡਿਵੀਜ਼ਨ ਵਿਖੇ ਹੀ ਹੋਣਗੇ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਜਦ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਬੱਲੂਆਣਾ ਹਲਕੇ ਦੇ ਦੌਰੇ ਤੇ ਆਏ ਸਨ ਤਾਂ ਵਿਧਾਇਕ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਇਲਾਕੇ ਦੇ ਲੋਕਾਂ ਦੀ ਇਹ ਮੰਗ ਉਨ੍ਹਾਂ ਦੇ ਸਾਹਮਣੇ ਰੱਖੀ ਸੀ। ਵਿਧਾਇਕ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਰਾਏ ਅਨੁਸਾਰ ਕੰਮ ਕਰਦੀ ਹੈ ਅਤੇ ਜਿਵੇਂ ਹੀ ਲੋਕਾਂ ਦੀ ਗੱਲ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਈ ਗਈ ਤਾਂ ਉਨ੍ਹਾਂ ਦੀ ਸਰਕਾਰ ਨੇ ਲੋਕ ਮੰਗ ਅਨੁਸਾਰ ਬੱਲੂਆਣਾ ਹਲਕੇ ਦੇ ਪਿੰਡਾਂ ਨੂੰ ਵਾਪਿਸ ਅਬੋਹਰ ਮੰਡਲ ਵਿੱਚ ਸ਼ਾਮਿਲ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ। ਵਿਧਾਇਕ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਇਸ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਹੋਵੇਗੀ। ਉਨ੍ਹਾਂ ਦੱਸਿਆ ਕਿ ਹਲਕਾ ਬੱਲੂਆਣਾ ਦੇ ਪਿੰਡਾਂ ਦੀ ਇਹ ਮੰਗ ਪੂਰੀ ਹੋਈ ਹੈ ਅਤੇ ਇੰਨ੍ਹਾਂ ਨੂੰ ਨਹਿਰੀ ਕੰਮਾਂ ਸੰਬੰਧੀ ਗਿੱਦੜਬਾਹਾ ਨਹੀਂ ਜਾਣਾ ਪਵੇਗਾ, ਸਗੋਂ ਇਸ ਲਈ ਇਹ ਪਿੰਡ ਹੁਣ ਅਬੋਹਰ ਮੰਡਲ ਨਾਲ ਜੋੜ ਦਿੱਤੇ ਗਏ ਹਨ।
Author: Abohar Live