Abohar NewsJobs & CareerPunjab News

ਟੀ.ਬੀ ਮੁਕਤ ਭਾਰਤ ਮੁਹਿੰਮ ਅਧੀਨ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਕੀਤਾ ਜਾਗਰੂਕਤਾ ਸਮਾਗਮ

ਅਬੋਹਰ: ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਵਚਨਬੱਧਤਾ ਨਾਲ ਚਲਾਏ ਜਾ ਰਹੇ ਰਾਸ਼ਟਰੀ ਟੀ.ਬੀ ਮੁਕਤ ਭਾਰਤ ਅਭਿਆਨ ਅਧੀਨ ਸਾਲ 2025 ਤੱਕ ਪੰਜਾਬ ਨੂੰ ਟੀ.ਬੀ ਮੁਕਤ ਕਰਨ ਦੇ ਟੀਚੇ ਨਾਲ ਡਾ. ਬਲਵੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ 100 ਦਿਨਾਂ ਟੀ.ਬੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਡਾ. ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਦੇਖ-ਰੇਖ ਵਿੱਚ ਜ਼ਿਲ੍ਹਾ ਫਾਜਿਲਕਾ ਵਿੱਚ ਇਹ ਮੁਹਿੰਮ ਸਚਾਰੂੰ ਤਰੀਕੇ ਨਾਲ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਡਾ. ਨੀਲੂ ਚੁੱਘ ਜ਼ਿਲ੍ਹਾ ਟੀ.ਬੀ ਅਫ਼ਸਰ ਦੀ ਪ੍ਰਧਾਨਗੀ ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ ਅਤੇ ਸਿਹਤ ਸਟਾਫ਼, ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਟੀ.ਬੀ. ਦੀ ਬਿਮਾਰੀ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਦਾ ਪ੍ਰਣ ਕਰਵਾਇਆ ਗਿਆ। ਇਸ ਸਮੇਂ ਵਿਨੋਦ ਖੁਰਾਣਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਹਰਮੀਤ ਸਿੰਘ ਅਤੇ ਦਿਵੇਸ਼ ਕੁਮਾਰ ਬਲਾਕ ਐਕਸਟੈਨਸ਼ਨ ਐਜੂਕੇਟਰ ਵੀ ਹਾਜ਼ਿਰ ਸਨ। ਡਾ. ਨੀਲੂ ਚੁੱਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੀ.ਬੀ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੁੱਖ ਉਦੇਸ਼ ਟੀ.ਬੀ ਦੇ ਲੁਕੇ ਹੋਏ ਐਕਟਿਵ ਕੇਸਾਂ ਦੀ ਜਲਦੀ ਭਾਲ ਕਰਨਾ ਅਤੇ ਜਲਦੀ ਇਲਾਜ ਕਰਵਾਉਣਾ ਹੈ। ਸਿਹਤ ਵਿਭਾਗ ਦੀ ਫੀਲਡ ਦਾ ਸਟਾਫ਼ ਘਰ-ਘਰ ਜਾ ਕੇ ਟੀ.ਬੀ ਦੇ ਸ਼ੱਕੀ ਮਰੀਜਾਂ ਦੀ ਭਾਲ ਕਰਕੇ ਜ਼ਿਲ੍ਹੇ ਵਿੱਚ ਵੱਖ-ਵੱਖ ਏਰੀਏ ਵਿੱਚ ਚੱਲ ਰਹੀ ਵੈਨ ਜਾਂ ਸਿਵਲ ਹਸਪਤਾਲ ਵਿੱਚੋਂ ਉਹਨਾਂ ਦੇ ਮੁਫ਼ਤ ਟੈਸਟ ਅਤੇ ਐਕਸਰੇ ਕਰਵਾ ਰਹੇ ਹਨ। ਪਾਜ਼ੀਟਿਵ ਆਉਣ ਤੇ ਸਿਹਤ ਸੰਸਥਾਵਾਂ ਤੋਂ ਮੁਫ਼ਤ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਦੋ ਹਫ਼ਤਿਆਂ ਤੋਂ ਵੱਧ ਖਾਂਸੀ, ਬੁਖਾਰ, ਭਾਰ ਘੱਟਣਾ, ਭੁੱਖ ਨਾ ਲੱਗਣੀ ਵਰਗੇ ਲੱਛਣ ਆਉਣ ਤਾਂ ਸਿਵਲ ਹਸਪਤਾਲ ਤੋਂ ਆਪਣੇ ਟੈਸਟ ਜਰੂਰ ਕਰਵਾਉਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ “ਜਨ ਜਨ ਕਾ ਰੱਖੇ ਧਿਆਨ, ਟੀ.ਬੀ ਮੁਕਤ ਭਾਰਤ ਅਭਿਆਨ”, ਦਾ ਸੁਪਨਾ ਸਾਕਾਰ ਕਰਨ ਲਈ ਸਖਤ ਮਿਹਨਤ ਕੀਤੀ ਜਾ ਰਹੀ ਹੈ, ਤਾਂ ਜੋ ਜ਼ਿਲ੍ਹੇ ਨੂੰ ਟੀ.ਬੀ ਮੁਕਤ ਬਣਾਇਆ ਜਾ ਸਕੇ। ਉਹਨਾਂ ਦੱਸਿਆ ਕੀ ਟੀ.ਬੀ ਤੋਂ ਬਚਣ ਅਤੇ ਇਲਾਜ ਸੰਬੰਧਿਤ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਡਾ. ਨੀਲੂ ਚੁੱਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀ.ਬੀ ਦਾ ਇਲਾਜ ਡਾਟਸ ਪ੍ਰਣਾਲੀ ਰਾਹੀ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਹਨਾਂ ਅਪੀਲ ਕੀਤੀ ਕਿ ਟੀ.ਬੀ ਦੇ ਮਰੀਜ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ, ਕਿਉਕਿ ਇਲਾਜ ਅਧੂਰਾ ਛੱਡਣ ਨਾਲ ਇਹ ਰੋਗ ਦੁਬਾਰਾ ਹੋ ਜਾਂਦਾ ਹੈ ਜੋ ਇੱਕ ਖਤਰਨਾਕ ਟੀ.ਬੀ ਹੋਣ ਦਾ ਖਤਰਾ ਰਹਿੰਦਾ ਹੈ ਜਿਸ ਦੇ ਇਲਾਜ ਲਈ ਜਿਆਦਾ ਸਮਾਂ ਦਵਾਈ ਖਾਣੀ ਪੈਂਦੀ ਹੈ। ਉਹਨਾਂ ਦੱਸਿਆ ਕੀ ਟੀ.ਬੀ ਦੇ ਮਰੀਜਾਂ ਲਈ ਪ੍ਰੋਟੀਨ ਵਾਲੀਆਂ ਖਾਣ ਪੀਣ ਦੀਆਂ ਚੀਜਾਂ ਦੀ ਜਿਆਦਾ ਜਰੂਰਤ ਹੁੰਦੀ ਹੈ, ਜੋ ਜ਼ਿਲ੍ਹੇ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਕਾਰਪੋਰੋਟ ਘਰਾਣਿਆਂ ਵੱਲੋਂ ਸਮੇਂ-ਸਮੇਂ ਤੇ ਟੀ.ਬੀ ਦੇ ਮਰੀਜਾਂ ਨੂੰ ਦਿੱਤੀਆਂ ਜਾਂਦੀਆਂ ਹਨ। ਵਿਨੋਦ ਖੁਰਾਣਾ ਅਤੇ ਹਰਮੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਘਰ-ਘਰ ਜਾ ਰਹੀਆਂ ਟੀਮਾਂ ਦਾ ਸਹਿਯੋਗ ਦਿੱਤਾ ਜਾਵੇ। ਸੰਤੁਲਿਤ ਭੋਜਨ ਖਾਸ ਕਰਕੇ ਪ੍ਰੋਟੀਨ ਵਾਲੀਆਂ ਚੀਜ਼ਾਂ ਦਾ ਜਿਆਦਾ ਇਸਤੇਮਾਲ ਕੀਤਾ ਜਾਵੇ।

Author: Abohar Live

Related Articles

Leave a Reply

Your email address will not be published. Required fields are marked *

Back to top button